randeep surjewala says: ਜੈਪੁਰ: ਸਚਿਨ ਪਾਇਲਟ ਮਾਮਲੇ ਸੰਬੰਧੀ ਕਾਂਗਰਸ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਕਾਂਗਰਸ ਪਾਰਟੀ ਸਚਿਨ ਪਾਇਲਟ ਨੂੰ ਮਨਾਉਂਦੀ ਵੇਖੀ ਗਈ।ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਮੀਡੀਆ ਰਾਹੀਂ ਸਚਿਨ ਪਾਇਲਟ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਅਤੇ ਪਾਰਟੀ ਸਾਹਮਣੇ ਖੁੱਲ੍ਹੇਆਮ ਆਪਣੀ ਗੱਲ ਰੱਖਣ। ਉਨ੍ਹਾਂ ਸਚਿਨ ਦੇ ਨਾਲ ਹੋਰ ਵਿਧਾਇਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਰਟੀ ਨਾਲ ਜੁੜੇ ਕਿਸੇ ਵੀ ਮੁੱਦੇ ‘ਤੇ ਗੱਲਬਾਤ ਕਰਨ ਲਈ ਸੁਤੰਤਰ ਹਨ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਸ਼ੱਕ ਹੈ ਤਾ ਅਵਿਨਾਸ਼ ਪਾਂਡੇ ਨੂੰ ਕਰ ਸਕਦੇ ਨੇ ਫੋਨ। ਕੇਂਦਰੀ ਲੀਡਰਸ਼ਿਪ ਦੁਆਰਾ ਜੈਪੁਰ ਭੇਜੇ ਗਏ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਈ ਵਾਰ ਵਿਚਾਰਧਾਰਕ ਮਤਭੇਦ ਪੈਦਾ ਹੋ ਜਾਂਦੇ ਹਨ ਪਰ ਅਜਿਹੀ ਸਥਿਤੀ ਵਿੱਚ ਸਾਡੀ ਆਪਣੀ ਵਿਚਾਰਧਾਰਾ ਨੂੰ ਕਮਜ਼ੋਰ ਕਰਨਾ ਸਹੀ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦਾ ਮਤਭੇਦ ਹੈ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਕੋਈ ਹੱਲ ਕੱਢਿਆ ਜਾ ਸਕਦਾ ਹੈ। ਨਿੱਜੀ ਮੁਕਾਬਲੇਬਾਜ਼ੀ ਰਾਹੀਂ ਸਾਡੀ ਆਪਣੀ ਸਰਕਾਰ ਨੂੰ ਕਮਜ਼ੋਰ ਕਰਨਾ ਸਹੀ ਨਹੀਂ ਹੈ। ਭਾਜਪਾ ‘ਤੇ ਦੋਸ਼ ਲਗਾਉਂਦੇ ਹੋਏ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਾਂਚ ਏਜੰਸੀਆਂ ਰਾਹੀਂ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਰ ਵਾਰ ਜਾਂਚ ਏਜੰਸੀਆਂ ਨੂੰ ਅੱਗੇ ਕਰ ਦਿੰਦੀ ਹੈ। ਅੱਜ, ਕਾਂਗਰਸੀ ਆਗੂਆਂ ਨੂੰ ਛਾਪਿਆਂ ਰਾਹੀਂ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦੇਈਏ ਕਿ ਕਾਂਗਰਸ ਨੇ ਅੱਜ ਵਿਧਾਇਕਾਂ ਦੀ ਇੱਕ ਮੀਟਿੰਗ ਸੱਦੀ ਹੈ ਅਤੇ ਨਾਲ ਹੀ ਇੱਕ ਵ੍ਹਿਪ ਵੀ ਜਾਰੀ ਕੀਤੀ ਹੈ, ਜਿਸ ਅਨੁਸਾਰ ਜੋ ਵੀ ਵਿਧਾਇਕ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏਗਾ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।