WHO Chief on Covid-19: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸੇ ਕਹਿਰ ਦੌਰਾਨ ਅਮਰੀਕਾ ਦੇ ਫਲੋਰਿਡਾ ਵਿੱਚ ਇੱਕ ਦਿਨ ਵਿੱਚ ਸੰਕਰਮਣਾਂ ਦੀ ਗਿਣਤੀ ਵਿੱਚ ਰਿਕਾਰਡ ਤੋੜ ਵਾਧਾ ਹੋਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੇਡਰੋਸ ਅਡੇਨਹੈਮ ਗੈਬਰੀਅਸ ਨੇ ਚੇਤਾਵਨੀ ਦਿੱਤੀ ਕਿ ਕੋਵਿਡ-19 ਮਹਾਂਮਾਰੀ ਦੀ ਸਥਿਤੀ ਹੋਰ ਵੀ ਖ਼ਤਰਨਾਕ ਹੁੰਦੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਕੁਝ ਸਮੇਂ ਲਈ ਜ਼ਿੰਦਗੀ ਪਹਿਲਾਂ ਵਾਂਗ ਆਮ ਨਹੀਂ ਰਹੇਗੀ । ਗੈਬਰੀਅਸ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ “ਨੇੜਲੇ ਭਵਿੱਖ ਵਿੱਚ ਪਹਿਲਾਂ ਜਿੰਨਾ ਆਮ ਹੋਣਾ ਮੁਸ਼ਕਲ ਹੈ।”
WHO ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਜਦੋਂ ਕਿ ਕਈ ਦੇਸ਼ਾਂ ਨੇ ਇਸ ਮਹਾਂਮਾਰੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਈ ਦੇਸ਼ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਉੱਥੇ ਹੀ ਯੂਰਪ ਅਤੇ ਏਸ਼ੀਆ ਦੇ ਬਹੁਤ ਸਾਰੇ ਦੇਸ਼ ਗਲਤ ਦਿਸ਼ਾ ਵੱਲ ਜਾ ਰਹੇ ਹਨ। ਇਨ੍ਹਾਂ ਦੋਵਾਂ ਮਹਾਂਦੀਪਾਂ ਵਿੱਚ ਦਿਨੋ-ਦਿਨ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ।
ਉਨ੍ਹਾਂ ਨੇ ਕੁਝ ਵਿਸ਼ਵ ਨੇਤਾਵਾਂ ਦੇ ਨਾਮ ਲਏ ਬਗੈਰ ਕਿਹਾ ਕਿ ਕੁਝ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਮਹਾਂਮਾਰੀ ਕਿੰਨੀ ਖਤਰਨਾਕ ਹੋ ਰਹੀ ਹੈ। ਅਮਰੀਕਾ ਵਿੱਚ ਮ੍ਰਿਤਕਾਂ ਦੀ ਗਿਣਤੀ, ਖ਼ਾਸਕਰ ਦੱਖਣ ਅਤੇ ਪੱਛਮ ਵਿੱਚ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਸਾਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਪਾਰ ਕਰ ਸਕਦੇ ਹਾਂ, ਪਰ ਇਸ ਦੇ ਲਈ ਸਾਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ ਅਤੇ ਸਮਾਜਿਕ ਦੂਰੀਆਂ ਦੀ ਪਾਲਣਾ ਕਰਨੀ ਪਵੇਗੀ।
ਦੱਸ ਦੇਈਏ ਕਿ ਇਸ ਦੌਰਾਨ WHO ਦੇ ਦੋ ਮਾਹਰ ਮਹਾਂਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਚੀਨ ਗਏ ਹਨ। ਮੱਧ ਚੀਨ ਦੇ ਵੁਹਾਨ ਸ਼ਹਿਰ ਵਿੱਚ ਇਸ ਵਾਇਰਸ ਦਾ ਪਤਾ ਪਹਿਲੀ ਵਾਰ ਲੱਗਿਆ ਸੀ । ਬੀਜਿੰਗ ਜਾਂਚ ਦੀ ਆਗਿਆ ਦੇਣ ਲਈ ਤਿਆਰ ਨਹੀਂ ਸੀ, ਪਰ WHO ਵੱਲੋਂ ਬੁਲਾਏ ਗਏ ਦੇਸ਼ਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਉਹ ਸਹਿਮਤ ਹੋ ਗਿਆ ਸੀ। ਹੁਣ ਜਾਂਚ ਤੋਂ ਬਾਅਦ ਹੀ ਸੱਚਾਈ ਦਾ ਪਤਾ ਚੱਲੇਗਾ ।