Diesel price hiked again: ਨਵੀਂ ਦਿੱਲੀ: ਵਿਰੋਧਾਂ ਅਤੇ ਅਲੋਚਨਾਵਾਂ ਦੇ ਬਾਵਜੂਦ ਡੀਜ਼ਲ ਦੀ ਕੀਮਤ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਹੈ। ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਬੁੱਧਵਾਰ ਨੂੰ ਡੀਜ਼ਲ ਦੀ ਕੀਮਤ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਤੇਲ ਕੰਪਨੀਆਂ ਨੇ ਇਸ ਵਾਰ ਡੀਜ਼ਲ ਦੀ ਕੀਮਤ ਵਿੱਚ 13 ਪੈਸੇ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਦਿੱਲੀ ਵਿੱਚ 81.18 ਰੁਪਏ ‘ਤੇ ਪਹੁੰਚ ਗਈ ਹੈ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਦੱਸ ਦੇਈਏ ਕਿ ਦਿੱਲੀ ਦੇਸ਼ ਦਾ ਇਕਲੌਤਾ ਅਜਿਹਾ ਰਾਜ ਹੈ ਜਿੱਥੇ ਪੈਟਰੋਲ ਤੋਂ ਮਹਿੰਗਾ ਡੀਜ਼ਲ ਵਿਕ ਰਿਹਾ ਹੈ ।
ਹਾਲਾਂਕਿ, ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ । ਇਹ ਲਗਾਤਾਰ 16ਵਾਂ ਦਿਨ ਹੈ ਜਦੋਂ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਇਸ ਦੀ ਕੀਮਤ ਵਿੱਚ ਆਖਰੀ ਵਾਰ 29 ਜੂਨ ਨੂੰ ਵਾਧਾ ਕੀਤਾ ਗਿਆ ਸੀ। ਫਿਲਹਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 80.43 ਰੁਪਏ ਟਿਕੀ ਹੋਈ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਡੀਜ਼ਲ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਡੀਜ਼ਲ ਦੀ ਕੀਮਤ ਐਤਵਾਰ ਅਤੇ ਸੋਮਵਾਰ ਨੂੰ ਵਧੀ ਸੀ । ਸੋਮਵਾਰ ਨੂੰ ਡੀਜ਼ਲ ਦੀ ਕੀਮਤ ਵਿੱਚ ਦਿੱਲੀ ਵਿੱਚ 11 ਪੈਸੇ, ਕੋਲਕਾਤਾ ਵਿੱਚ 12 ਪੈਸੇ ਜਦਕਿ ਮੁੰਬਈ ਅਤੇ ਚੇੱਨਈ ਵਿੱਚ 10 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ । ਦਰਅਸਲ, ਹਰ ਰਾਜ ਪੈਟਰੋਲ ਅਤੇ ਡੀਜ਼ਲ ‘ਤੇ ਵੱਖਰਾ ਸਥਾਨਕ ਵਿਕਰੀ ਟੈਕਸ ਜਾਂ ਵੈਲਿਊ ਐਡਿਡ ਟੈਕਸ (ਵੈਟ) ਲਗਾਉਂਦਾ ਹੈ। ਇਸ ਕਾਰਨ ਰਾਜਾਂ ਦੇ ਅਨੁਸਾਰ ਖਪਤਕਾਰਾਂ ਲਈ ਡੀਜ਼ਲ ਅਤੇ ਪੈਟਰੋਲ ਦੀਆਂ ਦਰਾਂ ਬਦਲਦੀਆਂ ਹਨ। ਪਿਛਲੇ 5 ਹਫਤਿਆਂ ਵਿੱਚ ਡੀਜ਼ਲ ਦੀ ਕੀਮਤ ਵਿੱਚ 25 ਵਾਰ ਅਤੇ ਪੈਟਰੋਲ ਦੀ ਕੀਮਤ ਵਿੱਚ 21 ਵਾਰ ਵਾਧਾ ਹੋਇਆ ਹੈ।
ਦੱਸ ਦੇਈਏ ਕਿ ਬਲੂਮਬਰਗ ਇੰਟੈਲੀਜੈਂਸ ਦੇ ਅਨੁਸਾਰ ਲਾਕਡਾਊਨ ਵਿਚਾਲੇ ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ ਵਧਾਉਣ ਨਾਲ ਕੇਂਦਰ ਸਰਕਾਰ ਨੂੰ 2.25 ਲੱਖ ਕਰੋੜ ਰੁਪਏ ਦਾ ਵਾਧੂ ਫਾਇਦਾ ਮਿਲੇਗਾ । ਇਸਦੇ ਨਾਲ ਹੀ ਕੇਂਦਰ ਸਰਕਾਰ ਨੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਰਿਕਾਰਡ ਗਿਰਾਵਟ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਅਤੇ ਹੋਰ ਟੈਕਸ ਵਧਾਏ ਸਨ ।