In Ferozepur 19 : ਫਿਰੋਜ਼ਪੁਰ ਵਿਚ ਅੱਜ ਬੀ. ਐੱਸ. ਐੱਫ. ਦੇ 6 ਜਵਾਨਾਂ ਦੇ ਨਾਲ-ਨਾਲ 19 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਸਾਰਿਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਫਿਰੋਜ਼ਪੁਰ ਵਿਚ ਕੋਰੋਨਾ ਦੇ ਮਰੀਜ਼ ਬਹੁਤ ਤੇਜ਼ੀ ਨਾਲ ਵਧਣ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀ. ਐੱਸ. ਐੱਫ. ਦੇ ਜਿਹੜੇ ਜਵਾਨਾ ਕੋਰੋਨਾ ਪੀੜਤ ਪਾਏ ਗਏ ਹਨ ਉਹ ਮਮਦੋਟ, ਜ਼ੀਰਾ ਦੇ ਪਿੰਡ ਚੂਚਕ, ਪਿੰਡ ਮਹਿਮੂਦ ਵਾਲਾ, ਪਿੰਡ ਰਟੋਲ ਬੇਟ, ਲਾਲ ਕੁੜਤੀ ਫਿਰੋਜ਼ਪੁਰ ਛਾਉਣੀ, ਮੱਲਾਂਵਾਲਾ, ਫਿਰੋਜ਼ਪੁਰ ਸ਼ਹਿਰ ਦੇ ਪਿੰਡ ਸੋਢੇ ਵਾਲੇ ਦੇ ਰਹਿਣ ਵਾਲੇ ਹਨ। ਇਨ੍ਹਾਂ ਤੋਂ ਇਲਾਵਾ 3 ਗਰਭਵਤੀ ਔਰਤਾਂ ਵੀ ਕੋਰੋਨਾ ਇੰਫੈਕਟਿਡ ਪਾਈਆਂ ਗਈਆਂ ਹਨ।
ਪਿਛਲੇ 24 ਘੰਟਿਆਂ ਦਰਮਿਆਨ ਪੰਜਾਬ ‘ਚ ਕੋਰੋਨਾਵਾਇਰਸ ਦੇ 340 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 8,511 ਹੋ ਗਈ ਹੈ। ਸੂਬੇ ‘ਚ ਕਲ 9 ਮੌਤਾਂ ਦਰਜ ਕੀਤੀਆਂ ਗਈਆਂ ਹਨ (1 ਅੰਮ੍ਰਿਤਸਰ, 1 ਫਾਜ਼ਿਲਕਾ, 2 ਐਸਏਐਸ ਨਗਰ, 3 ਲੁਧਿਆਣਾ, 2 ਸੰਗਰੂਰ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 213 ਹੋ ਗਈ ਹੈ। ਉੱਥੇ ਹੀ ਸੂਬੇ ਵਿੱਚ ਹੁਣ ਤੱਕ 5,663 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 2,635 ਐਕਟਿਵ ਕੇਸ ਹਨ।
ਕਲ ਸਭ ਤੋਂ ਵੱਧ 80 ਮਾਮਲੇ ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 1,520 ਹੋ ਗਈ ਹੈ ਜੋ ਕਿ ਸੂਬੇ ‘ਚ ਸਭ ਤੋਂ ਜ਼ਿਆਦਾ ਹੈ। ਉੱਥੇ ਹੀ ਦੂਜੇ ਨੰਬਰ ‘ਤੇ ਜਲੰਧਰ ‘ਚ 80 ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ 1,345 ਹੋ ਚੁੱਕੀ ਹੈ ਤੇ ਅੰਮ੍ਰਿਤਸਰ ‘ਚ 1,109 ਕੇਸ ਸਾਹਮਣੇ ਆ ਚੁੱਕੇ ਹਨ। ਸੂਬੇ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅੱਜ ਪਟਿਆਲਾ ਵਿਖੇ ਵੀ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ।