Air India to send certain employees: ਨਵੀਂ ਦਿੱਲੀ: ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਕੁਸ਼ਲਤਾ, ਸਿਹਤ ਅਤੇ ਜ਼ਰੂਰਤ ਦੇ ਆਧਾਰ ‘ਤੇ ਕਾਮਿਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ 5 ਸਾਲ ਤੱਕ ਲਈ ਬਿਨ੍ਹਾ ਤਨਖਾਹ ਦੇ ਲਾਜ਼ਮੀ ਛੁੱਟੀ ‘ਤੇ ਭੇਜਿਆ ਜਾਵੇਗਾ । ਇਸ ਸਬੰਧੀ ਕੰਪਨੀ ਵਲੋਂ ਮੰਗਲਵਾਰ ਨੂੰ ਜਾਰੀ ਇੱਕ ਅਧਿਕਾਰਕ ਆਦੇਸ਼ ਅਨੁਸਾਰ ਡਾਇਰੈਕਟਰ ਮੰਡਲ ਨੇ ਏਅਰ ਇੰਡੀਆ ਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਰਾਜੀਵ ਬੰਸਲ ਨੂੰ ਕਾਮਿਆਂ ਦੀ ਕੁਸ਼ਲਤਾ, ਸਮਰੱਥਾ, ਪ੍ਰਦਰਸ਼ਨ ਦੀ ਗੁਣਵੱਤਾ, ਕਾਮਿਆਂ ਦੀ ਸਿਹਤ, ਪਹਿਲਾਂ ਡਿਊਟੀ ਦੇ ਸਮੇਂ ਉਪਲਬਧਤਾ ਆਦਿ ਦੇ ਆਧਾਰ ‘ਤੇ 6 ਮਹੀਨੇ ਜਾਂ 2 ਸਾਲ ਲਈ ਬਿਨ੍ਹਾਂ ਤਨਖਾਹ ਲਾਜ਼ਮੀ ਛੁੱਟੀ ‘ਤੇ ਭੇਜਣ ਲਈ ਕਿਹਾ ਹੈ ਅਤੇ ਇਹ ਮਿਆਦ 5 ਸਾਲ ਤੱਕ ਵਧਾਈ ਜਾ ਸਕਦੀ ਹੈ ।
ਦਰਅਸਲ, ਏਅਰ ਇੰਡੀਆ ਵਲੋਂ 14 ਜੁਲਾਈ ਨੂੰ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ। ਇਸ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਮੁੱਖ ਦਫਤਰ ਦੇ ਵਿਭਾਗਾਂ ਦੇ ਮੁਖੀਆਂ ਦੇ ਨਾਲ-ਨਾਲ ਖੇਤਰੀ ਦਫਤਰਾਂ ਦੇ ਡਾਇਰੈਕਟਰ ਉਪਰੋਕਤ ਕਸੌਟੀਆਂ ਦੇ ਆਧਾਰ ‘ਤੇ ਹਰੇਕ ਕਾਮੇ ਦਾ ਮੁਲਾਂਕਣ ਕਰਨਗੇ ਅਤੇ ਬਿਨ੍ਹਾਂ ਤਨਖਾਹ ਲਾਜ਼ਮੀ ਛੁੱਟੀ ਦੇ ਬਦਲ ਦੇ ਮਾਮਲਿਆਂ ਦੀ ਪਛਾਣ ਕਰਨਗੇ । ਇਸ ਤੋਂ ਇਲਾਵਾ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਕਰਮਚਾਰੀਆਂ ਦੇ ਨਾਵਾਂ ਨੂੰ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਦੀ ਜ਼ਰੂਰੀ ਮਨਜ਼ੂਰੀ ਲਈ ਹੈਡਕੁਆਰਟਰ ਵਿੱਚ ਮਹਾਪ੍ਰਬੰਧਕ ਨੂੰ ਭੇਜਿਆ ਜਾਣਾ ਚਾਹੀਦਾ ਹੈ ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਯਾਤਰਾ ‘ਤੇ ਲੱਗੀਆਂ ਪਾਬੰਦੀਆਂ ਕਾਰਨ ਹਵਾਬਾਜ਼ੀ ਕੰਪਨੀਆਂ ‘ਤੇ ਬਹੁਤ ਜ਼ਿਆਦਾ ਅਸਰ ਹੋਇਆ ਹੈ । ਭਾਰਤ ਦੀਆਂ ਸਾਰੀਆਂ ਹਵਾਬਾਜ਼ੀ ਕੰਪਨੀਆਂ ਨੇ ਤਨਖ਼ਾਹ ਵਿਚ ਕਟੌਤੀ, ਬਿਨਾਂ ਤਨਖ਼ਾਹ ਛੁੱਟੀ ਤੇ ਭੇਜਣ, ਕਾਮਿਆਂ ਨੂੰ ਕੱਢਣ ਸਮੇਤ ਹੋਰ ਉਪਾਅ ਖਰਚਿਆਂ ਵਿਚ ਕਟੌਤੀ ਕੀਤੀ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਤੋਂ ਬਾਅਦ 25 ਮਈ ਨੂੰ ਘਰੇਲੂ ਜਹਾਜ਼ ਸੇਵਾ ਸ਼ੁਰੂ ਕੀਤੀ ਗਈ ਸੀ । ਹਾਲਾਂਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਸਿਰਫ਼ 45 ਫ਼ੀਸਦੀ ਜਹਾਜ਼ਾਂ ਨੂੰ ਹੀ ਉਡਾਣ ਭਰਨ ਦੀ ਆਗਿਆ ਦਿੱਤੀ ਗਈ ਸੀ ।