Rajasthan Political Crisis: ਜੈਪੁਰ: ਰਾਜਸਥਾਨ ਦਾ ਰਾਜਨੀਤਿਕ ਸੰਕਟ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸਚਿਨ ਪਾਇਲਟ, ਜਿਨ੍ਹਾਂ ਨੇ ਆਪਣੀ ਹੀ ਸਰਕਾਰ ਵਿਰੁੱਧ ਬਗ਼ਾਵਤ ਕੀਤੀ ਸੀ, ਉਨ੍ਹਾਂ ਨੂੰ ਕਾਂਗਰਸ ਨੇ ਉਪ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਸਪੀਕਰ ਸੀ ਪੀ ਜੋਸ਼ੀ ਨੇ ਸਚਿਨ ਪਾਇਲਟ ਅਤੇ ਉਸ ਦੇ ਬਾਗੀ ਵਿਧਾਇਕਾਂ ਦੇ ਖਿਲਾਫ ਰਾਜਸਥਾਨ ਕਾਂਗਰਸ ਦੇ ਚੀਫ਼ ਵ੍ਹਿਪ ਮਹੇਸ਼ ਜੋਸ਼ੀ ਦੀ ਸ਼ਿਕਾਇਤ ‘ਤੇ ਨੋਟਿਸ ਜਾਰੀ ਕੀਤਾ। ਹੁਣ ਸਚਿਨ ਪਾਇਲਟ ਇਸ ਨੋਟਿਸ ਦੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਿਹਾ ਹੈ। ਦੱਸ ਦਈਏ ਕਿ ਅਸ਼ੋਕ ਗਹਿਲੋਤ ਸਰਕਾਰ ਨੇ ਲਗਾਤਾਰ ਦੋ ਦਿਨਾਂ ਲਈ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੈ। ਇਸ ਮੀਟਿੰਗ ਲਈ ਇੱਕ ਵ੍ਹਿਪ ਵੀ ਜਾਰੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਸਚਿਨ ਅਤੇ ਉਸ ਦੇ ਨਾਲ ਹਰਿਆਣਾ ਦੇ ਮਨੇਸਰ ਵਿੱਚ ਰਹਿ ਰਹੇ ਉਸ ਦੇ ਧੜੇ ਦੇ ਵਿਧਾਇਕ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ।
ਇਸ ਤੋਂ ਬਾਅਦ ਕਾਂਗਰਸ ਦੇ ਚੀਫ਼ ਵ੍ਹਿਪ ਮਹੇਸ਼ ਜੋਸ਼ੀ ਨੇ ਸਪੀਕਰ ਸੀ ਪੀ ਜੋਸ਼ੀ ਨੂੰ ਸ਼ਿਕਾਇਤ ਕੀਤੀ ਅਤੇ ਬਾਗੀ ਵਿਧਾਇਕਾਂ ਦੀ ਮੈਂਬਰਸ਼ਿਪ ਖ਼ਤਮ ਕਰਨ ਦੀ ਮੰਗ ਕੀਤੀ। ਇਸ ‘ਤੇ ਸਪੀਕਰ ਸੀ ਪੀ ਜੋਸ਼ੀ ਨੇ ਸਚਿਨ ਪਾਇਲਟ ਸਮੇਤ ਸਾਰੇ ਬਾਗੀ ਵਿਧਾਇਕਾਂ ਨੂੰ ਨੋਟਿਸ ਜਾਰੀ ਕਰਦਿਆਂ 17 ਜੁਲਾਈ ਦੀ ਦੁਪਹਿਰ 1 ਵਜੇ ਤੱਕ ਉਨ੍ਹਾਂ ਦਾ ਜਵਾਬ ਮੰਗਿਆ ਹੈ। ਜਵਾਬ ਮਿਲਣ ਤੋਂ ਬਾਅਦ, ਸਪੀਕਰ ਅਗਲੀ ਕਾਰਵਾਈ ਕਰੇਗਾ। ਨੋਟਿਸ ‘ਤੇ ਸਚਿਨ ਪਾਇਲਟ ਗਰੁੱਪ ਦਾ ਕਹਿਣਾ ਹੈ ਕਿ ਅਸੀਂ ਵ੍ਹਿਪ ਦੀ ਉਲੰਘਣਾ ਨਹੀਂ ਕੀਤੀ ਹੈ। ਇਹ ਨੋਟਿਸ ਸਚਿਨ ਪਾਇਲਟ, ਰਮੇਸ਼ ਮੀਨਾ, ਇੰਦਰਾਜ ਗੁੱਜਰ, ਗੱਜਰਾਜ ਖਟਾਨਾ, ਰਾਕੇਸ਼ ਪਰੀਕ, ਮੁਰਾਰੀ ਮੀਨਾ, ਪੀ.ਆਰ. ਮੀਨਾ, ਸੁਰੇਸ਼ ਮੋਦੀ, ਭੰਵਰ ਲਾਲ ਸ਼ਰਮਾ, ਵੇਦਪ੍ਰਕਾਸ਼ ਸੋਲੰਕੀ, ਮੁਕੇਸ਼ ਭਾਕਰ, ਰਮਨੀਵਾਸ ਗਾਵਡੀਆ, ਹਰੀਸ਼ ਮੀਨਾ, ਬ੍ਰਿਜੇਂਦਰ ਓਲਾ, ਹੇਮਰਾਮ ਚੌਧਰੀ, ਵਿਸ਼ਵੇਂਦਰ ਸਿੰਘ, ਅਮਰ ਸਿੰਘ, ਦੀਪੇਂਦਰ ਸਿੰਘ ਅਤੇ ਗਜੇਂਦਰ ਸ਼ਕਤੀਵੱਤ ਨੂੰ ਭੇਜਿਆ ਗਿਆ ਹੈ।