Eight new Corona cases came : ਪੂਰੀ ਦੁਨੀਆ ਵਿਚ ਤੜਥਲੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਵਿਚ ਲਗਾਤਾਰ ਵਧਦਾ ਹੀ ਨਜ਼ਰ ਆ ਰਿਹਾ ਹੈ। ਅੱਜ ਜਿਥੇ ਖਰੜ ਵਿਚ ਸਿਵਲ ਹਸਪਤਾਲ ’ਚੋਂ ਇਕ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਸ੍ਰੀ ਮੁਕਤਸਰ ਸਾਹਿਬ ਤੋਂ 7 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਖਰੜ ਦੇ ਸਿਵਲ ਹਸਪਤਾਲ ਵਿਚ ਇਕ ਮਹਿਲਾ ਕਰਮਚਾਰੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਔਰਤ ਹਸਪਤਾਲ ਵਿਚ ਪਰਚੀਆਂ ਕੱਟਣ ਦਾ ਕੰਮ ਕਰਦੀ ਹੈ, ਜਿਸ ਦੇ ਚੱਲਦਿਆ ਹਸਪਤਾਲ ਦੇ ਸਟਾਫ ਵਿਚ ਡਰ ਦਾ ਮਾਹੌਲ ਫੈਲ ਗਿਆ ਹੈ ਕਿਉਂਕਿ ਹਸਪਤਾਲ ਦਾ ਕਾਫੀ ਸਟਾਫ ਅਤੇ ਮਰੀਜ਼ ਵੀ ਇਸ ਦੇ ਸੰਪਰਕ ਵਿਚ ਆਏ ਹਨ।
ਮਿਲੀ ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਏ 7 ਨਵੇਂ ਮਾਮਲਿਆਂ ਵਿਚੋਂ ਇਕ ਮਰੀਜ਼ ਗਿੱਦੜਬਾਹਾ ਦੇ ਪਿੰਡ ਰੁਖਾਲਾ ਦਾ ਰਹਿਣ ਵਾਲਾ ਹੈ, ਜਦਕਿ ਪਿੰਡ ਹਰੀਕੇ ਕਲਾਂ ਤੋਂ ਇਕ, ਗਾਂਧੀ ਨਗਰ ਤੋਂ ਇਕ, ਮਲੋਟ ਤੋਂ ਇਕ, ਕਬਰਵਾਲਾ ਤੋਂ ਇਕ, ਕੋਟਭਾਈ ਤੋਂ ਇਕ ਅਤੇ ਗਿੱਦੜਬਾਹਾ ਤੋਂ ਵੀ ਇਕ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਮੁਕਤਸਰ ਸਾਹਿਬ ਵਿਚ ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਕੋਰੋਨਾ ਦੇ ਕੁਲ ਪੀੜਤਾਂ ਦੀ ਗਿਣਤੀ 166 ਹੋ ਗਈ ਹੈ, ਜਦਕਿ ਜ਼ਿਲੇ ਵਿਚ ਇਸ ਦੇ 23 ਮਾਮਲੇ ਸਰਗਰਮ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਮਾਮਲਾ ਹੁੰਦਾ ਸਾਹਮਣੇ ਆ ਰਿਹਾ ਹੈ। ਆਲਮ ਇਹ ਹੈ ਕਿ ਹੁਣ ਪੰਜਾਬ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 9120 ਹੋ ਚੁੱਕੀ ਹੈ, ਜਦਕਿ 231 ਲੋਕ ਇਸ ਨਾਮੁਰਾਦ ਮਹਾਮਾਰੀ ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਦੱਸਣਯੋਗ ਹੈ ਕਿਹੁਣ ਤੱਕ ਇਸ ਬੀਮਾਰੀ ਨੂੰ ਮਾਤ ਦੇ ਕੇ 6295 ਲੋਕ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ ਅਜੇਵੀ ਇਸ ਦੇ 2591 ਮਾਮਲੇ ਐਕਟਿਵ ਹਨ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।