Rakhi can be deliver through post office : ਕੋਰੋਨਾ ਮਹਾਮਾਰੀ ਨੇ ਬੇਸ਼ੱਕ ਆਮ ਜ਼ਿੰਦਗੀ ਵਿਚ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਸ ਦਾ ਅਸਰ ਰਖੜੀ ਦੇ ਤਿਉਹਾਰ ’ਤੇ ਨਹੀਂ ਪਏਗਾ। 3 ਅਗਸਤ ਨੂੰ ਆਉਣ ਵਾਲੇ ਰਖੜੀ ਦੇ ਤਿਉਹਾਰ ’ਤੇ ਭਰਾਵਾਂ ਦਾ ਗੁੱਟ ਸੁੰਨਾ ਨਹੀਂ ਰਹੇਗਾ, ਜਿਸ ਦੇ ਲਈ ਚੰਡੀਗੜ੍ਹ ਪੋਸਟ ਆਫਿਸ ਵੱਲੋਂ ਦੇਸ਼ ਦੇ ਨਾਲ ਵਿਦੇਸ਼ਾਂ ਵਿਚ ਰਹਿ ਰਹੇ ਭਰਾਵਾਂ ਤੱਕ ਰਖੜੀ ਪਹੁੰਚਾਉਣ ਲਈ ਬਿਹਤਰੀਨ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਚੰਡੀਗੜ੍ਹ ਪੋਸਟਲ ਡਿਵੀਜ਼ਨ ਵੱਲੋਂ ਰਖੜੀ ਲਈ ਬੁਕਿੰਗ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਰਾਹੀਂ ਭੈਣਾਂ ਪੋਸਟ ਆਫਿਸ ਰਾਹੀਂ ਦੇਸ਼ ਵਿਚ ਹੀ ਨਹੀਂ, ਸਗੋਂ ਲਗਭਗ 35 ਦੇਸ਼ਾਂ ਵਿਚ ਬੈਠੇ ਭਰਾਵਾਂ ਲਈ ਰੱਖੜੀ ਭੇਜ ਸਕਣਗੀਆਂ।
ਦੱਸਣਯੋਗ ਹੈ ਕਿ ਪੋਸਟਲ ਡਿਵੀਜ਼ਨ ਨੇ ਚੰਡੀਗੜ੍ਹ ਦੇ 43, ਮੋਹਾਲੀ ਦੇ 25 ਅਤੇ ਰੋਪੜ ਦੇ 27 ਪੋਸਟ ਆਫਿਸ ਵਿਚ ਰਖੜੀ ਮੇਲ ਬੁਕਿੰਗ ਸੇਵਾ ਦੀ ਸਹੂਲਤ ਸ਼ੁਰੂ ਕੀਤੀ ਹੈ। ਡਾਕ ਵਿਭਾਗ ਯਕੀਨੀ ਬਣਾਏਗਾ ਕਿ ਰਖੜੀ ਦੇ ਤਿਉਹਾਰ ਤੋਂ ਪਹਿਲਾਂ ਰਖੜੀ ਦੀ ਡਿਲਵਰੀ ਕੀਤੀ ਜਾ ਸਕੇ। ਇਸ ਦੇ ਲਈ ਭੈਣਾਂ ਨੂੰ ਇਸ ਵਾਰ ਤਿਉਹਾਰ ਤੋਂ ਪਹਿਲਾਂ ਹੀ ਰਖੜੀ ਪੋਸਟ ਕਰਨੀ ਹੋਵੇਗੀ, ਨਹੀਂ ਤਾਂ ਇਸ ਵਿਚ ਪਹੁੰਚਣ ਵਿਚ ਦੇਰ ਹੋ ਜਾਵੇਗੀ। ਰਖੜੀ ਆਮ ਪੋਸਟ, ਰਜਿਸਟਰਡ ਪੋਸਟ ਅਤੇ ਨਾਲ ਹੀ ਸਪੀਡ ਪੋਸਟ ਰਾਹੀਂ ਪੂਰੇ ਭਾਤ ਵਿਚ ਭੇਜੀ ਜਾਵੇਗੀ। ਡਾਕ ਵਿਭਾਗ ਨੇ ਰਖੜੀ ਭੇਜਣ ਲਈ ਪੰਜਾਬ ਅਤੇ ਚੰਡੀਗੜ੍ਹ ਨੂੰ ਛੱਡ ਕੇ ਕਟ ਆਫ ਡੇਟ 25 ਜੁਲਾਈ ਰਖੀ ਹੈ। ਪੰਜਾਬ ਅਤੇ ਚੰਡੀਗੜ੍ਹ ਲਈ ਇਹ ਤਰੀਕ 28 ਜੁਲਾਈ ਤੈਅ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਨੂੰ ਧਿਆਨ ਵਿਚ ਰਖਦੇ ਹੋਏ ਸੀਮਤ ਸਾਧਨਾਂ ਨਾਲ ਵੱਡੇ ਪੋਸਟ ਆਫਿਸ ਵਿਚ ਵੱਖਰੇ ਤੌਰ ’ਤੇ ਬਾਕਸ ਅਤੇ ਬੈਗ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਲੋਕਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਦੱਸੇ ਗਏ ਬਾਕਸ ਅਤੇ ਬੈਗ ਵਿਚ ਹੀ ਰਖੜੀ ਸਪੈਸ਼ਲ ਲਿਫਾਫੇ ਵਿਚ ਪਾ ਕੇ ਰਖ ਦੇਣ। ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਰਖੜੀ ਦਾ ਸਪੈਸ਼ਲ ਲਿਫਾਫਾ ਵੀ ਪੋਸਟ ਆਫਿਸ ਵਿਚ ਮੁਹੱਈਆ ਕਰਵਾਇਆ ਜਾਵੇਗਾ। ਰਖੜੀ ਦੇ ਤਿਉਹਾਰ ਤੋਂ ਪਹਿਲਾਂ ਰਖੜੀ ਪਹੁੰਚਾਉਣ ਲਈ ਨੈਸ਼ਨਲ ਸ਼ਰਟਿੰਗ ਹਬ ਦੀ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ। ਡਾਕ ਵਿਭਾਗ ਚੰਡੀਗੜ੍ਹ ਡਵੀਦਜ਼ਨ ਦੇ ਸੀਨੀਅਰ ਸੁਪਰਡੈਂਟ ਆਫ ਪੋਸਟ ਆਫਿਸਿਜ਼ ਮਨੋਜ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਸਮੇਂ ’ਤੇ ਭਰਾਵਾਂ ਤੱਕ ਰਖੜੀ ਪਹੁੰਚਾਉਣ ਲਈ ਆਪਣੇ ਵੱਲੋਂ ਸਾਰੀਆਂ ਵਿਵਸਥਾਵਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇਲਈ ਇਕ ਵਿਸ਼ੇਸ਼ ਡਰਾਈਵ ਚਲਾਈ ਜਾਏਗਾ। ਦੋ ਅਗਸਤ ਦਿਨ ਐਤਵਾਰ ਨੂੰ ਸਵੇਰੇ ਅੱਠ ਵਜੇ ਤੋਂ ਗਿਆਰਾਂ ਵਜੇ ਤੱਕ ਵੀ ਰਖੜੀ ਡਿਲੀਵਰ ਹੋਵੇਗੀ। ਡਿਲਵਰੀ ਸਟਾਫ ਵੱਲੋਂ ਰਖੜੀ ਨੂੰ ਸਮੇਂ ’ਤੇ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।