rahul gandhi says: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਭਾਰਤ ਅਤੇ ਚੀਨ ਵਿਵਾਦ ਬਾਰੇ ਇੱਕ ਵੀਡੀਓ ਟਵੀਟ ਕੀਤਾ। ਇਸ ਵੀਡੀਓ ਵਿੱਚ ਰਾਹੁਲ ਗਾਂਧੀ ਨਿਰਪੱਖਤਾ ਨਾਲ ਆਪਣੀ ਰਾਏ ਜ਼ਾਹਿਰ ਕਰ ਰਹੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਵਾਲ ਉੱਠਦਾ ਹੈ ਕਿ ਆਖਰਕਾਰ ਚੀਨੀਆਂ ਨੇ ਇਸ ਸਮੇਂ ਨੂੰ ਹੀ ਕਿਉਂ ਚੁਣਿਆ? ਇਸ ਵੀਡੀਓ ਵਿੱਚ ਰਾਹੁਲ ਗਾਂਧੀ ਨੇ ਅਰਥਚਾਰੇ, ਗੁਆਂਢੀਆਂ ਨਾਲ ਸੰਬੰਧਾਂ ਅਤੇ ਵਿਦੇਸ਼ ਨੀਤੀ ‘ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਮੇਂ ਭਾਰਤ ਵਿੱਚ ਕੀ ਹਾਲਾਤ ਹਨ, ਜਿਸ ਨੇ ਚੀਨ ਨੂੰ ਇਹ ਕਦਮ ਚੁੱਕਣ ਦੀ ਆਗਿਆ ਦਿੱਤੀ ਹੈ। ਕੀ ਹੋਇਆ ਇਹ ਹੈ ਕਿ ਚੀਨ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਅਜਿਹਾ ਕਦਮ ਚੁੱਕ ਸਕਦਾ ਹੈ। ਆਪਣੇ ਵੀਡੀਓ ਸੰਦੇਸ਼ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਮਾਮਲੇ ਨੂੰ ਸਮਝਣ ਲਈ ਬਹੁਤ ਸਾਰੀਆਂ ਗੱਲਾਂ ਨੂੰ ਸਮਝਣਾ ਪਏਗਾ, ਦੇਸ਼ ਦੀ ਰੱਖਿਆ ਮੁੱਖ ਤੌਰ ‘ਤੇ ਵਿਦੇਸ਼ ਨੀਤੀ, ਆਰਥਿਕਤਾ ਅਤੇ ਲੋਕਾਂ ਦੇ ਵਿਸ਼ਵਾਸ ‘ਤੇ ਨਿਰਭਰ ਕਰਦੀ ਹੈ। ਪਰ ਪਿੱਛਲੇ 6 ਸਾਲਾਂ ਵਿੱਚ ਦੇਸ਼ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਅਸਫਲ ਰਿਹਾ ਹੈ।
ਵਿਦੇਸ਼ ਨੀਤੀ ਬਾਰੇ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਪਹਿਲਾਂ ਸਾਡੇ ਅਮਰੀਕਾ, ਰੂਸ ਅਤੇ ਯੂਰਪ ਸਮੇਤ ਲੱਗਭਗ ਹਰ ਦੇਸ਼ ਨਾਲ ਚੰਗੇ ਸੰਬੰਧ ਸਨ। ਪਰ ਅੱਜ ਸਾਡਾ ਰਿਸ਼ਤਾ ਸਿਰਫ ਕਾਰੋਬਾਰ ਰਹਿ ਗਿਆ ਹੈ, ਰੂਸ ਨਾਲ ਸੰਬੰਧ ਵਿਗੜ ਗਏ ਹਨ। ਪਹਿਲਾਂ ਨੇਪਾਲ, ਭੂਟਾਨ, ਸ਼੍ਰੀ ਲੰਕਾ ਸਾਡੇ ਦੋਸਤ ਸਨ। ਪਾਕਿਸਤਾਨ ਤੋਂ ਇਲਾਵਾ ਸਾਰੇ ਗੁਆਂਢੀ ਸਾਡੇ ਨਾਲ ਕੰਮ ਕਰ ਰਹੇ ਸਨ, ਪਰ ਅੱਜ ਹਰ ਕੋਈ ਸਾਡੇ ਵਿਰੁੱਧ ਗੱਲ ਕਰ ਰਿਹਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਇੱਕ ਸਮੇਂ ਆਰਥਿਕਤਾ ਸਾਡੀ ਤਾਕਤ ਸੀ, ਪਰ ਅੱਜ ਬੇਰੁਜ਼ਗਾਰੀ ਆਪਣੇ ਸਿਖਰ ਤੇ ਹੈ। ਛੋਟੇ ਕਾਰੋਬਾਰੀ ਮੁਸੀਬਤ ‘ਚ ਹਨ ਪਰ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ। ਕਾਂਗਰਸੀ ਆਗੂ ਨੇ ਕਿਹਾ ਕਿ ਜੇ ਤੁਸੀਂ ਇੱਕ ਦੇਸ਼ ਦੇ ਤੌਰ ‘ਤੇ ਸੋਚਦੇ ਹੋ ਤਾਂ ਸਭ ਕੁੱਝ ਮਾਇਨੇ ਰੱਖਦਾ ਹੈ, ਜੇ ਪੈਸੇ ਨੂੰ ਅਰਥ ਵਿਵਸਥਾ ‘ਚ ਨਹੀਂ ਪਾਇਆ ਜਾਂਦਾ ਤਾਂ ਸਭ ਕੁੱਝ ਬਰਬਾਦ ਹੋ ਜਾਵੇਗਾ, ਅਤੇ ਹੁਣ ਇਹੀ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਕੁੱਝ ਦਿਨਾਂ ਬਾਅਦ ਇਸ ਕਿਸਮ ਦੀ ਵੀਡੀਓ ਕਾਂਗਰਸ ਆਗੂ ਦੀ ਤਰਫੋਂ ਪਾਈ ਜਾਏਗੀ, ਜਿਸ ਵਿੱਚ ਉਹ ਵੱਖ ਵੱਖ ਮੁੱਦਿਆਂ ‘ਤੇ ਆਪਣੀ ਰਾਏ ਰੱਖਣਗੇ।