Jallianwala Bagh will be opened soon : ਅੰਮ੍ਰਿਤਸਰ : ਜ਼ਲਿਆਂਵਾਲੇ ਬਾਗ ਵਿਚ ਹੋਏ ਕਤਲੇਆਮ ਦੇ 100 ਸਾਲ ਪੂਰੇ ਹੋਣ ’ਤੇ ਕੇਂਦਰ ਸਰਕਾਰ ਵੱਲੋਂ 20 ਕਰੋੜ ਦੀ ਲਾਗਤ ਨਾਲ ਇਸ ਦਾ ਮੁੜ ਨਿਰਮਾਣ ਕਰਵਾਇਆ ਗਿਆ ਹੈ, ਜਿਸ ਦਾ 80 ਫੀਸਦੀ ਕੰਮ ਪੂਰਾ ਹੋ ਗਿਆ ਹੈ ਅਤੇ ਜਲਦ ਹੀ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਥੇ ਆਉਣ ਵਾਲੇ ਲੋਕਾਂ ਤੋਂ ਕੋਈ ਟਿਕਟ ਵੀ ਨਹੀਂ ਲਈ ਜਾਵੇਗੀ। ਇਹ ਜਾਣਕਾਰੀ ਰਾਜ ਸਭਾ ਮੈਂਬਰ ਤੇ ਜ਼ਲਿਆਂਵਾਲਾ ਬਾਗ ਯਾਦਗਾਰ ਕਮੇਟੀ ਦੇ ਟਰੱਸਟੀ ਸ਼ਵੇਟ ਮਲਿਕ, ਡਿਪਟੀ ਸੁਪਰਿੰਟੈਂਡਿੰਗ ਆਰਕੇਲਾਜਿਸਟ ਅਨਿਲ ਤਿਵਾਰੀ, ਪੀਪੀ ਮਿੱਤਲ ਨੇ ਯਾਦਗਾਰ ਦੇ ਮੁੜ ਨਿਰਮਾਣ ਪ੍ਰਾਜੈਕਟ ਦੀ ਪ੍ਰਗਤੀ ਰਿਪੋਰਟ ਦਾ ਜਾਇਜ਼ਾ ਲੈਂਦਿਆਂ ਦਿੱਤੀ।
ਦੱਸਣਯੋਗ ਹੈ ਕਿ ਪ੍ਰਾਜੈਕਟ ਅਧੀਨ ਤਿੰਨ ਏਅਰਕੰਡੀਸ਼ਨਡ ਗੈਲਰੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿਚ ਸ਼ਹਾਦਤ ਨਾਲ ਜੁੜੇ ਦਸਤਾਵੇਜ਼ਾਂ ਤੋਂ ਇਲਾਵਾ ਉਸ ਸਮੇਂ ਦੇ ਦੇਸ਼ ਦੇ ਹਾਲਾਤਾਂ ਦਾ ਦ੍ਰਿਸ਼ ਪੇਸ਼ ਕੀਤਾ ਜਾਵੇਗਾ। ਸੈਲਾਨੀਆਂ ਨੂੰ ਉਸ ਵੇਲੇ ਦੇ ਪੰਜਾਬ ਦੀ ਖੁਸ਼ਹਾਲੀ, ਵਿਵਸਥਾ ਅਤੇ ਬ੍ਰਿਟਿਸ਼ ਸ਼ਾਸਨਕਾਲ ਦੇ ਹਾਲਾਤਾਂ ਨਾਲ ਵੀ ਜਾਣੂ ਕਰਵਾਇਆ ਜਾਏਗਾ, ਜਿਸ ਵਿਚ ਬ੍ਰਿਟਿਸ਼ ਸ਼ਾਸਨ ਖਿਲਾਫ ਪੰਜਾਬ ਦੇ ਵਿਰੋਧ, ਵਿਸ਼ਵ ਯੁੱਧ ਤੋਂ ਪਹਿਲਾਂ ਦਾ ਪੰਜਾਬ ਅਤੇ ਭਾਰਤ ਦੇ ਹਾਲਾਤਾਂ ਨੂੰ ਚਿੱਤਰਾਂ ਨਾਲ ਦਰਸਾਇਆ ਜਾਏਗਾ। ਇਸ ਤੋਂ ਇਲਾਵਾ ਪਹਿਲੀ ਵਿਸ਼ਵ ਜੰਗ, ਜ਼ਲਿਆਂਵਾਲਾ ਬਾਗ ਵਿਚ ਕਤਲੇਆਮ ਨਾਲ ਜੁੜੀਆਂ ਯਾਦਾਂ ਨੂੰ ਵੀ ਪੇਸ਼ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਜ਼ਲਿਆਂਵਾਲੇ ਬਾਗ ਦੇ ਕੋਲ ਹੁਣ ਲਿਲੀ ਪਾਊਂਡ ਸਥਾਪਿਤ ਕੀਤਾ ਗਿਆ ਹੈ। ਸ਼ਹੀਦੀ ਖੂਹ ਨੂੰ ਵਿਰਾਸਤੀ ਲੁੱਕ ਦਿੱਤੀ ਗਈ ਹੈ ਤੇ ਸ਼ਹੀਦਾਂ ਨੂੰ ਸਮਰਪਿਤ ਤਿੰਨ ਏਸੀ ਗੈਲਰੀਆਂ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜ ਮਿੰਟ ਦੇ ਲਾਈਟ ਐਂਡ ਸਾਊਂਡ ਸ਼ੋਅ ਲਈ ਓਪਨ ਥਿਏਟਰ ਬਣਾਇਆ ਗਿਆ ਹੈ ਜਿਸ ਵਿਚ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਵਿਚ ਕਤਲੇਆਮ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਮਿਊਜ਼ਿਕ ਫਾਊਂਟੇਨ ਤੇ 3ਡੀ ਡਾਕਿਊਮੈਂਟਰੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹੀਦ ਹੋਏ ਕ੍ਰਾਂਤੀਕਾਰੀਆਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ।