For Over speed car : ਚੰਡੀਗੜ੍ਹ ਸ਼ਹਿਰ ਵਿਚ ਸੜਕਾਂ ’ਤੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਇਕ ਵਿਅਕਤੀ ਨੂੰ ਵੱਡਾ ਹਰਜਾਨਾ ਭਰਨਾ ਪਿਆ, ਜਿਥੇ ਤੇਜ਼ ਰਫਤਾਰ ਨਾਲ ਲਗਜ਼ਰੀ ਕਾਰ ਦੌੜਾਉਣ ’ਤੇ ਪੁਲਿਸ ਵੱਲੋਂ ਗੱਡੀ ਦਾ 19000 ਰੁਪਏ ਦਾ ਚਾਲਾਨ ਕਰਕੇ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਨੰਬਰ ਪਲੇਟ ਵਾਲੀ ਸਫੈਦ ਰੰਗ ਦੀ ਲਗਜ਼ਰੀ ਲੈਂਬਰਗਿਨੀ ਕਾਰ ਲਗਭਗ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ’ਤੇ ਚੰਡੀਗੜ੍ਹ ਦੀਆਂ ਸੜਕਾਂ ’ਤੇ ਦੌੜਾਈ ਜਾ ਰਹੀ ਸੀ, ਜਿਸ ਦੌਰਾਨ ਸੂਚਨਾ ਮਿਲਣ ’ਤੇ ਸੈਕਟਰ 16/17 ਡਿਵਾਈਡਿੰਗ ਰੋਡ ’ਤੇ ਨਾਕਾ ਲਗਾ ਕੇ ਤਾਇਨਾਤ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਗੱਡੀ ਨੂੰ ਰੋਕ ਲਿਆ। ਜਿਸ ਤੋਂ ਬਾਅਦ ਗੱਡੀ ਨਾਲ ਜੁੜੇ ਦਸਤਾਵੇਜ਼ਾਂ ਦੀ ਕਮੀ ਕਾਰਨ ਵੱਖ-ਵੱਖ ਫੈਂਸ ਵਿਚ ਉਸ ਦਾ ਚਾਲਾਨ ਕਰਨ ਦੇ ਨਾਲ ਪੁਲਿਸ ਨੇ ਗੱਡੀ ਵੀ ਜ਼ਬਤ ਕਰ ਲਈ। ਇਹ ਕਾਰ ਦਿੱਲੀ ਨੰਬਰ ਦੀ ਡੀਐਲਸੀਏ4664 ਲੈਂਬਰਗਿਨੀ ਕਾਰ ਦਿੱਲੀ ਇਤੀਲਿਕਾ ਮੋਟਰਸ ਪ੍ਰਾਈਵੇਟ ਲਿਮਟਿਡ ਦੇ ਨਾਂ ’ਤੇ ਰਜਿਸਟਰਡ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਲਾਇਨ ਆਰਡਰ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਸਾਰੇ ਮੁਲਾਜ਼ਮਾਂ ਨੂੰ ਸਖਤ ਹੁਕਮਾਂ ਦੇ ਚੱਲਦਿਆਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਸੜਕਾਂ ’ਤੇ ਨਿਯਮਾਂ ਨੂੰ ਤੋੜ ਵਾਲਿਆਂ ’ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾਂਦਾ ਰਿਹਾ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਦੀਆਂ ਸੜਕਾਂ ’ਤੇ ਟ੍ਰੈਫਿਕ ਨਿਯਮਾਂ ਨੂੰ ਤੋੜਨ ’ਤੇਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜੱਜ, ਹਰਿਆਣਾ ਦੇ ਕਈ ਚੋਟੀ ਦੇ ਨੇਤਾ, ਪੰਜਾਬ ਦੇ ਡੀਜੀਪੀ ਦੇ ਨਾਂ ’ਤੇ ਰਜਿਸਟਰਡ ਗੱਡੀ ਸਣੇ ਪੰਜਾਬੀ ਸਿੰਗਰ ਦਾ ਵੀ ਚਾਲਾਨ ਹੋ ਚੁੱਕਾ ਹੈ।