The first Plasma Bank : ਪਟਿਆਲਾ : ਪੰਜਾਬ ਸਰਕਾਰ ਵੱਲੋਂ ਕੋਵਿਡ-19 ਵਿਰੁੱਧ ਜੰਗ ਨੂੰ ਹੋਰ ਵੀ ਅਸਰਦਾਰ ਢੰਗ ਨਾਲ ਲੜਨ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸੂਬੇ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ ਕੀਤਾ ਕੀਤਾ ਗਿਆ ਹੈ, ਜਿੱਥੇ ਕੋਵਿਡ-19 ਦੇ ਗੰਭੀਰ ਮਰੀਜਾਂ ਦਾ ਇਲਾਜ ਪਲਾਜ਼ਮਾ ਥੈਰੇਪੀ ਨਾਲ ਕੀਤਾ ਜਾਵੇਗਾ। ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਪੰਜਾਬ ਦੇ ਇਸ ਪਲੇਠੇ ਪਲਾਜ਼ਮਾ ਬੈਂਕ ਨੂੰ ਆਨ ਲਾਇਨ ਵੀਡੀਓ ਕਾਨਫਰੰਸਿੰਗ ਰਾਹੀਂ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਨਾਲ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਵੀ ਮੌਜੂਦ ਸਨ।
ਸ਼੍ਰੀਮਤੀ ਪਰਨੀਤ ਕੌਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ-19 ਦੀ ਜੰਗ ਜਿੱਤ ਚੁੱਕੇ ਮਰੀਜਾਂ ਨੂੰ ਹੋਰਨਾਂ ਕੋਰੋਨਾ ਪੀੜਤਾਂ ਦੇ ਇਲਾਜ ਵਿਚ ਮਦਦ ਲਈ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਕੈਬਨਿਟ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦਾ ਟਾਕਰਾ ਕਰਨ ਲਈ ਪੰਜਾਬ ਵਿੱਚ ਸਥਾਪਤ ਹੋਇਆ ਪਹਿਲਾ ਪਲਾਜ਼ਮਾ ਬੈਂਕ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਸ੍ਰੀ ਸੋਨੀ ਨੇ ਇਸ ਦੀ ਕਾਰਜ-ਪ੍ਰਕਿਰਿਆ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਹੋਰ ਬਿਮਾਰੀਆਂ ਦੇ ਪੀੜ੍ਹਤ ਜਾਂ ਗਰਭਵਤੀ ਔਰਤਾਂ ਤੋਂ ਇਲਾਵਾ ਕੋਰੋਨਾ ਤੋਂ ਸਿਹਤਯਾਬ ਹੋ ਚੁੱਕਿਆ ਕੋਈ ਵੀ ਮਰੀਜ਼ 28 ਦਿਨਾਂ ਬਾਅਦ ਆਪਣਾ ਪਲਾਜ਼ਮਾ ਦਾਨ ਕਰ ਸਕਦਾ ਹੈ। ਸ਼੍ਰੀ ਸੋਨੀ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਤੋ ਘੱਟ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਨ ਅਤੇ ਪਲਾਜ਼ਮਾਂ ਬੈਂਕ ਦੀ ਸ਼ੁਰੂਆਤ ਵੀ ਇਸੇ ਦਾ ਹੀ ਸਿੱਟਾ ਹੈ।
ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪਲਾਜਮਾ ਥੈਰੇਪੀ ਲਈ ਸਟੇਟ ਨੋਡਲ ਅਫ਼ਸਰ ਡਾ. ਨੀਲਮ ਮਰਵਾਹਾ ਦੀ ਸਲਾਹ ਨਾਲ ਚਲਾਏ ਜਾਣ ਵਾਲੇ ਇਸ ਪਲਾਜ਼ਮਾ ਬੈਂਕ ਦੀ ਬੀ.ਸੀ.ਐਲ ਕੋਵਿਡ-19 ਲੈਬ ਵਿੱਚ ਕੋਰੋਨਾ ਦੇ ਮਰੀਜਾਂ ਲਈ ਹਾਈ ਗ੍ਰੇਡ ਨਵੇਂ ਟੈਸਟ ਪਲਾਜ਼ਮਾ ਫਿਬਰੋਜਨ ਐਸ. ਅਤੇ ਡੀ. ਡਿਮਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ, ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੈਡੀਕਲ ਸਿੱਖਿਆ ਤੇ ਖੋਜ਼ ਵਿਭਾਗ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ, ਮੈਡੀਸਨ ਵਿਭਾਗ ਦੇ ਮੁਖੀ ਡਾ. ਆਰ.ਪੀ.ਐਸ. ਸਿਬੀਆ, ਪਲਾਜ਼ਮਾ ਬੈਂਕ ਦੇ ਨੋਡਲ ਅਫ਼ਸਰ ਡਾ. ਰਜਨੀ ਬਸੀ, ਡਾ. ਰਮੇਸ਼ ਕੁਮਾਰ ਕੁੰਡਲ, ਡਾ. ਕੰਵਲਜੀਤ ਕੌਰ ਆਦਿ ਵੀ ਮੌਜੂਦ ਸਨ।