Coronavirus research updates: ਨਵੀਂ ਦਿੱਲੀ: ਦੁਨੀਆ ਵਿੱਚ 6.29 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੇ ਕੋਰੋਨਾ ਵਾਇਰਸ ਦਿਨੋਂ-ਦਿਨ ਖ਼ਤਰਨਾਕ ਹੁੰਦਾ ਜਾ ਰਿਹਾ ਹੈ । ਦੁਨੀਆ ਵਿੱਚ ਇਸ ਜਾਨਲੇਵਾ ਵਾਇਰਸ ਦੇ ਹੁਣ ਤੱਕ ਕੁੱਲ 1.53 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ । ਇਸਦੀ ਵੈਕਸੀਨ ਵਿਕਸਤ ਕਰਨ ਅਤੇ ਇਸ ਬਾਰੇ ਹੋਰ ਜਾਣਨ ਲਈ ਰੋਜ਼ਾਨਾ ਖੋਜ ਕੀਤੀ ਜਾ ਰਹੀ ਹੈ। ਹੁਣ ਦੱਖਣੀ ਕੋਰੀਆ ਵਿੱਚ ਕੀਤੀ ਗਈ ਇੱਕ ਖੋਜ ਵਿੱਚ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਹੁਣ ਬਾਹਰਲੇ ਲੋਕਾਂ ਦੇ ਸੰਪਰਕ ਵਿੱਚ ਆਉਣ ਨਾਲੋਂ ਘਰ ਦੇ ਅੰਦਰ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਆਉਣ ਨਾਲ ਕੋਰੋਨਾ ਵਾਇਰਸ ਫੈਲਣ ਦੇ ਸਬੂਤ ਮਿਲੇ ਹਨ । ਮਤਲਬ,ਹੁਣ ਕੋਰੋਨਾ ਵਾਇਰਸ ਦੀ ਲਾਗ ਘਰ ਦੇ ਅੰਦਰ ਮੌਜੂਦ ਲੋਕਾਂ ਤੋਂ ਵੀ ਫੈਲ ਰਹੀ ਹੈ।
ਦੱਖਣੀ ਕੋਰੀਆ ਦੇ ਮਾਹਰਾਂ ਵੱਲੋਂ ਕੀਤੀ ਗਈ ਇਹ ਖੋਜ ਅਮਰੀਕਾ ਦੇ ਸੇਂਟਰਜ਼ ਫਾਰ ਡੀਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਵਿੱਚ 16 ਜੁਲਾਈ ਨੂੰ ਪ੍ਰਕਾਸ਼ਤ ਹੋਈ ਹੈ। ਇਸ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ 5706 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਦੇ ਸੰਪਰਕ ਵਿੱਚ ਆਏ 59 ਹਜ਼ਾਰ ਤੋਂ ਵੱਧ ਲੋਕਾਂ ਨੂੰ ਵੀ ਇਸ ਖੋਜ ਦਾ ਹਿੱਸਾ ਬਣਾਇਆ ਗਿਆ ਸੀ। ਇਸ ਵਿੱਚ ਜਾਣਕਾਰੀ ਸਾਹਮਣੇ ਆਈ ਕਿ ਕੋਰੋਨਾ ਨਾਲ ਸੰਕਰਮਿਤ ਹਰ 100 ਵਿੱਚੋਂ 2 ਵਿਅਕਤੀ ਘਰ ਦੇ ਬਾਹਰ ਵਾਇਰਸ ਨਾਲ ਸੰਕਰਮਿਤ ਹੋਏ ਸਨ । ਉਨ੍ਹਾਂ ਨੂੰ ਇਹ ਲਾਗ ਪਰਿਵਾਰ ਤੋਂ ਨਹੀਂ ਲੱਗੀ । ਉੱਥੇ ਹੀ ਹਰ 10 ਵਿੱਚੋਂ ਇੱਕ ਪੀੜਤ ਨੂੰ ਕੋਰੋਨਾ ਵਾਇਰਸ ਦੀ ਲਾਗ ਪਰਿਵਾਰ ਵਾਲਿਆਂ ਤੋਂ ਲੱਗੀ ਹੈ।
ਇਸ ਖੋਜ ਵਿੱਚ ਇਹ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਉਮਰ ਵੀ ਯੋਗਦਾਨ ਪਾਉਂਦੀ ਹੈ। ਇਸਦੇ ਅਨੁਸਾਰ ਜੇ ਘਰ ਵਿੱਚ ਕੋਰੋਨਾ ਦੀ ਲਾਗ ਦਾ ਪਹਿਲਾ ਕੇਸ ਕਿਸ਼ੋਰਾਂ ਜਾਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਮੌਜੂਦਗੀ ਵਿੱਚ ਆਉਂਦਾ ਹੈ, ਤਾਂ ਲਾਗ ਦਾ ਖ਼ਤਰਾ ਵਧੇਰੇ ਹੁੰਦਾ ਹੈ। ਦੱਖਣੀ ਕੋਰੀਆ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਨਿਰਦੇਸ਼ਕ ਜੇਓਂਗ ਯੁਨ-ਕਯੋਂਗ ਦੇ ਅਨੁਸਾਰ ਇਸ ਉਮਰ ਦੇ ਲੋਕ ਪਰਿਵਾਰ ਦੇ ਦੂਜੇ ਮੈਂਬਰਾਂ ਦੇ ਨੇੜੇ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਵਧੇਰੇ ਜੋਖਮ ਹੈ। ਇਹ ਵੀ ਕਿਹਾ ਗਿਆ ਹੈ ਕਿ ਨੌਜਵਾਨਾਂ ਦੀ ਤੁਲਨਾ ਵਿੱਚ ਬੱਚਿਆਂ ਵਿੱਚ ਗੈਰ-ਲੱਛਣ ਲਾਗ ਦਾ ਖਤਰਾ ਵਧੇਰੇ ਹੁੰਦਾ ਹੈ।