Violation of home isolation : ਸੂਬੇ ਵਿਚ ਹੁਣ ਕੋਵਿਡ-19 ਦੇ ਮਰੀਜ਼ਾਂ ਵੱਲੋਂ ਹੋਮ ਆਈਸੋਲੇਸ਼ਨ ਦੀ ਉਲੰਘਣਾ ਕਰਨ ’ਤੇ 5000 ਰੁਪਏ ਅਤੇ ਰੈਸਟੋਰੈਂਟਾਂ ਅਤੇ ਕਮਰਸ਼ੀਅਲ ਖਾਣ-ਪੀਣ ਵਾਲੀਆਂ ਥਾਵਾਂ ’ਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ’ਤੇ ਵੀ ਇਨ੍ਹਾਂ ਦੇ ਮਾਲਕਾਂ ਨੂੰ 5000 ਰੁਪਏ ਦਾ ਜੁਰਮਾਨਾ ਭਰਨਾ ਪਏਗਾ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਆਂ ਹਿਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਇਸ ਤੋਂ ਇਲਾਵਾ ਇਜਾਜ਼ਤ ਤੋਂ ਵੱਧ ਸਮਾਜਿਕ ਇਕੱਠ ਕਰਨ ਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ’ਤੇ 10000 ਰੁਪਏ ਦਾ ਹਰਜਾਨਾ ਭਰਨਾ ਪਏਗਾ। ’
ਦੱਸਣਯੋਗ ਹੈ ਕਿ ਅੱਜ ਐਲਾਨੇ ਗਏ ਇਹ ਜ਼ੁਰਮਾਨੇ ਪਹਿਲਾਂ ਮਈ ਵਿੱਚ ਐਲਾਨੇ ਗਏ ਜੁਰਮਾਨਾਂ ਤੋਂ ਇਲਾਵਾ ਹਨ, ਜਿਨ੍ਹਾਂ ਵਿਚ ਮਾਸਕ ਨਾ ਪਹਿਨਣ (500 ਰੁਪਏ), ਹੋਮ ਕੁਆਰੰਟੀਨ ਨਿਰਦੇਸ਼ਾਂ (200 ਰੁਪਏ) ਦੀ ਉਲੰਘਣਾ ਅਤੇ ਜਨਤਕ ਥਾਵਾਂ ਤੇ ਥੁੱਕਣ (500 ਰੁਪਏ) ਸ਼ਾਮਲ ਹਨ। ਮੌਜੂਦਾ ਹਿਦਾਇਤਾਂ ਅਧੀਨ ਦੁਕਾਨਾਂ / ਵਪਾਰਕ ਸਥਾਨਾਂ ‘ਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਉਲੰਘਣਾ ਕਰਨ’ ਤੇ 2000 ਰੁਪਏ, ਜਦਕਿ ਬੱਸਾਂ ਅਤੇ ਕਾਰਾਂ ‘ਤੇ ਕ੍ਰਮਵਾਰ 3000 ਰੁਪਏ ਅਤੇ 2000 ਰੁਪਏ ਜੁਰਮਾਨਾ ਭਰਨਾ ਪਏਗਾ ਅਤੇ ਆਟੋ-ਰਿਕਸ਼ਾ ਤੇ ਦੋ-ਪਹੀਆ ਵਾਹਨਾਂ ’ਤੇ ਇਹ ਜੁਰਮਾਨਾ ਜੁਰਮਾਨਾ 500 ਰੁਪਏ ਹੈ।
ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰਸਿੰਗ ਰਾਹੀਂ ਹੋਈ ਮੀਟਿੰਗ ਵਿਚ ਮੁੱਖ ਮੰਤਰੀ ਨੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਅਤੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਾਜ ਵਿੱਚ ਧਾਰਮਿਕ ਸਥਾਨਾਂ ਦੇ ਦੌਰੇ ਦੌਰਾਨ ਸਮਾਜਿਕ ਦੂਰੀਆਂ ਦੀਆਂ ਨਿਯਮਾਂ ਅਤੇ ਮਾਸਕ ਸਣੇ ਹੋਰ ਕੋਵਿਡ ਸੁਰੱਖਿਆ ਹਿਦਾਇਤਾਂ ਲਾਗੂ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਨੂੰ ਜਨਤਕ ਤੌਰ ’ਤੇ ਲੋਕਾਂ ਨੂੰ ਸੰਬੋਧਨ ਕਰਕੇ ਇਸ ਸੰਬੰਧੀ ਨਿਯਮਿਤ ਐਲਾਨ ਕਰਨ ਦੀ ਅਪੀਲ ਕੀਤੀ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕੈਪਟਨ ਅਮਰਿੰਦਰ ਨੇ ਕਿਸਾਨ ਯੂਨੀਅਨਾਂ ਨੂੰ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਸੜਕਾਂ ‘ਤੇ ਨਾ ਆਉਣ ਦੀ ਅਪੀਲ। ਇਕ ਹੋਰ ਪਹਿਲ ਕਰਦਿਆਂ ਮੁੱਖ ਮੰਤਰੀ ਨੇ ਹਦਾਇਤ ਕੀਤੀ ਹੈ ਕਿ ਬਸ ਸਟੈਂਡਾਂ ਵਰਗੀਆਂ ਥਾਵਾਂ ’ਤੇ ਮੈਸਕ ਵੈਂਡਿੰਗ ਮਸ਼ੀਨਾਂ ਲਗਾਈਆਂ ਜਾਣ।