US fighter jets approach: ਸੀਰੀਆ ਦੇ ਅਸਮਾਨ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ । ਦਰਅਸਲ, ਈਰਾਨ ਦਾ ਇੱਕ ਯਾਤਰੀ ਜਹਾਜ਼ ਸੀਰੀਆ ਦੇ ਏਅਰਸਪੇਸ ਤੋਂ ਹੋ ਕੇ ਉਡਾਣ ਭਰ ਰਿਹਾ ਸੀ ਤਾਂ ਉਸੇ ਸਮੇਂ ਦੋ ਅਮਰੀਕੀ ਲੜਾਕੂ ਜਹਾਜ਼ ਉਸ ਦੇ ਕੋਲ ਆ ਗਏ। ਹਾਦਸੇ ਤੋਂ ਬਚਣ ਲਈ ਜਹਾਜ਼ ਦੇ ਪਾਇਲਟ ਨੇ ਉਚਾਈ ਬਦਲ ਦਿੱਤੀ ਜਿਸ ਕਾਰਨ ਜਹਾਜ਼ ਦੇ ਅੰਦਰ ਕੁਝ ਯਾਤਰੀ ਜ਼ਖਮੀ ਹੋ ਗਏ।
ਦਰਅਸਲ, ਮਹਾਨ ਏਅਰ ਲਾਈਨ ਦੇ ਜਹਾਜ਼ ਵਿੱਚ ਸਵਾਰ ਕੁਝ ਯਾਤਰੀ ਬੇਹੋਸ਼ ਹੋ ਕੇ ਜਹਾਜ਼ ਦੇ ਫਰਸ਼ ਡਿੱਗ ਗਏ। ਇਹ ਜਹਾਜ਼ ਤਹਿਰਾਨ ਤੋਂ ਬੇਰੂਤ ਜਾ ਰਿਹਾ ਸੀ। ਫਿਲਹਾਲ ਈਰਾਨ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ । ਹਾਲਾਂਕਿ, ਅਮਰੀਕੀ ਏਅਰ ਫੋਰਸ ਦਾ ਕਹਿਣਾ ਹੈ ਕਿ ਐੱਫ -15 ਲੜਾਕੂ ਜਹਾਜ਼ ਸੁਰੱਖਿਅਤ ਦੂਰੀ ‘ਤੇ ਸਨ। ਇਸ ਘਟਨਾ ਨੇ ਅਮਰੀਕਾ ਅਤੇ ਈਰਾਨ ਵਿਚਾਲੇ ਫਿਰ ਤਣਾਅ ਵਧਾ ਦਿੱਤਾ ਹੈ। ਤੇਹਰਾਨ ਅਤੇ ਵਾਸ਼ਿੰਗਟਨ ਦੇ ਰਿਸ਼ਤਿਆਂ ਵਿੱਚ ਸਾਲ 2018 ਤੋਂ ਕੜਵਾਹਟ ਆ ਗਈ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ 2015 ਵਿੱਚ ਪ੍ਰਮਾਣੂ ਸਮਝੌਤੇ ਨਾਲ ਛੇ ਸ਼ਕਤੀਆਂ ਤੋਂ ਖੁਦ ਨੂੰ ਅਲੱਗ ਕਰ ਲਿਆ ਸੀ ਅਤੇ ਈਰਾਨ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਲਈ ਸਖਤ ਪਾਬੰਦੀ ਲਗਾ ਦਿੱਤੀ ਸੀ।
ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਇਸ ਹਾਦਸੇ ਵਿੱਚ ਕੁਝ ਯਾਤਰੀਆਂ ਦੇ ਸਿਰ ਵਿੱਚ ਸੱਟਾਂ ਲੱਗੀਆਂ ਜਦੋਂ ਕਿ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਇੱਕ ਬਜ਼ੁਰਗ ਯਾਤਰੀ ਫਰਸ਼ ‘ਤੇ ਡਿੱਗ ਗਿਆ ਸੀ । ਸਾਰੇ ਯਾਤਰੀਆਂ ਨੂੰ ਬੇਰੂਤ ਏਅਰਪੋਰਟ ਲਿਜਾਇਆ ਗਿਆ ਹੈ। ਜਿਨ੍ਹਾਂ ਯਾਤਰੀਆਂ ਦੇ ਸੱਟਾਂ ਲੱਗੀਆਂ ਹਨ, ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।