Sanjay Karate owner swindles : ਜਲੰਧਰ : ਸੰਜੇ ਕਰਾਟੇ ਦੇ ਮਾਲਿਕ ਸੰਜੇ ਸ਼ਰਮਾ ਅਤੇ ਉਸ ਦੀ ਪਤਨੀ ਪੂਜਾ ’ਤੇ ਠੱਗੀ ਦਾ ਇਕ ਹੋਰ ਮਾਮਲਾ ਦਰਜ ਹੋਇਆ ਹੈ, ਜਿਸ ਵਿਚ ਉਸ ਨੇ ਆਪਣੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨਾਲ ਪ੍ਰੋਫੈਸ਼ਨਲ ਰਿਲੇਸ਼ਨ ਦੱਸ ਦੇ ਵਿਦੇਸ਼ ਭੇਜਣ ਦੇ ਨਾਂ ’ਤੇ 8 ਲੋਕਾਂ ਤੋਂ 2.50 ਕਰੋੜ ਰੁਪਏ ਠੱਗ ਲਏ। ਇਸ ਸਬੰਧੀ ਤਲਵੰਡੀ ਨਕੋਦਰ ਦੇ ਰਹਿਣ ਵਾਲੇ ਸੁਖਰਾਜ ਸਿੰਘ ਨੇ ਪੁਲਿਸ ’ਚ ਦਰਜ ਕਰਵਾਈ ਸ਼ਿਕਾਇਤ ਵਿਚ ਬਿਆਨ ਦਿੱਤਾ ਹੈ ਕਿ ਵਿਦੇਸ਼ ਜਾਣ ਦੇ ਸਬੰਧ ਵਿਚ ਉਹ ਬੱਸ ਸਟੈਂਡ ਕੋਲ ਕੇਪੀ ਟ੍ਰੈਵਲ ਏਜੰਸੀ ਚਲਾਉਣ ਵਾਲੇ ਏਜੰਟ ਬਲਰਾਜ ਸਿੰਘ ਕੋਲ ਕੋਲ 2018 ਵਿਚ ਗਿਆ ਸੀ, ਜਿਥੇ ਉਸ ਦੀ ਮੁਲਾਕਾਤ ਸੰਜੇ ਕਰਾਟੇ ਦੇ ਮਾਲਿਕ ਸੰਜੇ ਗੋਕੁਲ ਸ਼ਰਮਾ ਨਿਵਾਸੀ ਡਿਫੈਂਸ ਕਾਲੋਨੀ ਅਤੇ ਉਸ ਦੀ ਪਤਨੀ ਪੂਜਾ ਗੋਕੁਲ ਨਾਲ ਹੋਈ।
ਉਸ ਨੇ ਉਨ੍ਹਾਂ ਨੂੰ ਕਰਾਟੇ ਸਿਖਾਉਣ ਦੇ ਨਾਂ ’ਤੇ ਵਿਦੇਸ਼ ਭੇਜਣ ਦੀ ਗੱਲ ਕਹੀ। ਉਸ ਨੇ ਕਿਹਾ ਕਿ ਉਸ ਦੀ ਬਾਲੀਵੁੱਡ ਤੱਕ ਪਹੁੰਚ ਹੈ ਅਤੇ ਬਾਲੀਵੁਡ ਅਦਾਕਾਰਾ ਅਤੇ ਰਾਜ ਕੁੰਦਰਾ ਅਤੇ ਅੰਬੈਸੀ ਨਾਲ ਉਸ ਦੇ ਸਿੱਧੀ ਸੈਟਿੰਗ ਹੈ, ਜਿਸ ਨਾਲ ਉਸ ਨੂੰ ਵੀਜ਼ਾ ਜਲਦੀ ਮਿਲ ਜਾਂਦਾ ਹੈ। ਉਸ ’ਤੇ ਵਿਸ਼ਵਾਸ ਕਰਕੇ ਸੁਖਰਾਜ ਸਿੰਘ, ਸਚਿਨ, ਨਿਖਿਲ, ਨਰਿੰਦਰ ਸਿੰਘ, ਮੁਕੇਸ਼ ਕੁਮਾਰ, ਪ੍ਰਿਯੰਕਾ, ਕਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਲਗਭਗ 25-25 ਲੱਖ ਰੁਪਏ ਅਤੇ ਪਾਸਪੋਰਟ ਸੰਜੇ ਨੂੰ ਦੇ ਦਿੱਤੇ ਪਰ ਉਸ ਨੇ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਨੇ ਦਬਾਅ ਬਣਾਇਆ ਤਾਂ ਸਾਰਿਆਂ ਨੇ ਪਾਸਪੋਰਟ ’ਤੇ ਜਾਅਲੀ ਵੀਜ਼ਾ ਲਗਾ ਕੇ ਦੇ ਦਿੱਤੇ। ਆਨਲਾਈਨ ਚੈੱਕ ਕਰਨ ’ਤੇ ਉਨ੍ਹਾਂ ਨੂੰ ਵੀਜ਼ਾ ਦੇ ਚਾਅਲੀ ਹੋਣ ਦਾ ਪਤਾ ਲੱਗਾ। ਪੀੜਤਾਂ ਦੇ ਬਿਆਨਾਂ ’ਤੇ ਥਾਣਾ-6 ਦੀ ਪੁਲਿਸ ਖਿਲਾਫ ਧਾਰਾ 406, 420, 24 ਇਮੀਗ੍ਰੇਸ਼ਨ ਐਕਟ 2014 ਅਤੇ 13 ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ 2014 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਜਾਂਚ ਵਿਚ ਏਜੰਟ ਬਲਰਾਜ ਸਿੰਘ ਨੂੰ ਦੋਸ਼ੀ ਨਹੀਂ ਪਾਇਆ ਗਿਆ ਹੈ। ਮਾਮਲੇ ਮੁਤਾਬਕ ਪੀੜਤਾਂ ਦੇ ਪੈਸੇ ਦਿਵਾਉਣ ਲਈ ਬਲਰਾਜ ਨੇ ਸੰਜੇ ਨੂੰ ਕਈ ਵਾਰ ਫੋਨ ਅਤੇ ਮਿਲ ਕੇ ਗੱਲ ਕੀਤੀ ਸੀ ਪਰ ਇਕ ਵਾਰ ਸੰਜੇ ਨੇ ਬਲਰਾਜ ਨੂੰ ਗੋਲੀ ਮਾਰ ਕੇ ਕਤਲ ਕਰਨ ਦੀ ਗੱਲ ਕਹੀ, ਜਿਸ ਤੋਂ ਬਾਅਦ ਉਸ ਨੇ ਸੰਜੇ ਨਾਲ ਦੁਬਾਰਾ ਸੰਪਰਕ ਨਹੀਂ ਕੀਤਾ। ਦੱਸਣਯੋਗ ਹੈ ਕਿ ਸੰਜੇ ਸ਼ਰਮਾ ੜਖਿਲਾਫ ਥਾਣਾ-6 ਵਿਚ 10 ਜੁਲਾਈ ਨੂੰ ਵੀ 4.50 ਕਰੋੜ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਦਿੱਲੀ ਦੇ ਵੱਡੇ ਲਾਜਿਸਟਿਕ ਸੁਖਵਿੰਦਰ ਸਿੰਘ ਬਾਜਵਾ ਨੇ 16 ਮਰਲੇ ਜ਼ਮੀਨ ਲਈ 7 ਕਰੋੜ ਦਾ ਸੌਦਾ ਹੋਣ ’ਤੇ ਉਸ ਨਾਲ ਠੱਗੀ ਦਾ ਦੋਸ਼ ਲਗਾਇਆ ਸੀ।