Punjab Police exposes : ਚੰਡੀਗੜ੍ਹ : ਪੰਜਾਬ ਪੁਲਿਸ ਨੇ ਅੱਜ ਹਵਾਲਾ ਚੈਨਲ ਰੂਟ ਦੀ ਵਰਤੋਂ ਰਾਹੀਂ 11 ਰਾਜਾਂ ਵਿੱਚ 50 ਤੋਂ ਵੱਧ ਜ਼ਿਲ੍ਹਿਆਂ ਵਿੱਚ ਚੱਲ ਰਹੇ ਇੱਕ ਅੰਤਰ-ਰਾਜੀ ਡਰੱਗ ਕਾਰਟਿਲ ਦਾ ਪਰਦਾਫਾਸ਼ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਬਰਨਾਲਾ ਪੁਲਿਸ ਟੀਮ ਵੱਲੋਂ ਕੀਤੀ ਗਈ ਇਸ ਕਾਰਵਾਈ ਵਿਚ ਪਹਿਲਾਂ ਹੀ ਗਿਰੋਹ ਦੇ ਮੁੱਖੀ ਸਮੇਤ 20 ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦਸਿਆ ਕਿ ‘ਆਗਰਾ ਗੈਂਗ’ ਵਜੋਂ ਜਾਣਿਆ ਜਾਂਦਾ ਇਹ ਡਰੱਗ ਕਾਰਟਿਲ, ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਨੂੰ ਦੇਸ਼ ਭਰ ਵਿੱਚ ਫੈਲੇ ਡਰੱਗ ਨਿਰਮਾਤਾ, ਸਪਲਾਇਰ, ਥੋਕ ਵਿਕਰੇਤਾ ਅਤੇ ਪ੍ਰਚੂਨ ਕੈਮਿਸਟ ਤੋਂ ਲੈ ਕੇ ਭਾਰਤ ਭਰ ਦੇ ਬਾਜ਼ਾਰਾਂ ਵਿਚ ਭੇਜ ਰਿਹਾ ਸੀ। ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ 20 ਲੋਕਾਂ ਵਿਚੋਂ 16 ਪੰਜਾਬ, 2 ਯੂ. ਪੀ. ਅਤੇ ਇੱਕ ਇਕ ਹਰਿਆਣਾ ਅਤੇ ਦਿੱਲੀ ਨਾਲ ਸਬੰਧਤ ਹਨ। ਉਨ੍ਹਾਂ ਕੋਲੋਂ 27,62,137 ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ ਅਤੇ ਸਿਰਪ ਬੋਤਲਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਇਸ ਤੋਂ ਇਲਾਵਾ 70,03,800 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਇਹ ਗਿਰੋਹ 10-12 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਗੋਲੀਆਂ/ਕੈਪਸੂਲ/ ਟੀਕੇ/ਸਿਰਪ ਦੇ ਰੂਪ ਵਿਚ ਹਰੇਕ ਮਹੀਨੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਭੇਜ ਰਿਹਾ ਸੀ।
ਇਸ ਮੁਹਿੰਮ ਨੂੰ ਐਸਐਸਪੀ ਬਰਨਾਲਾ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਡਾ. ਪ੍ਰਗਿਆ ਜੈਨ, ਏਐਸਪੀ ਮਹਿਲ ਕਲਾਂ, ਸੁਖਦੇਵ ਸਿੰਘ ਵਿਰਕ ਐਸਪੀ (ਡੀ), ਰਮਨਿੰਦਰ ਸਿੰਘ ਦਿਓਲ ਡੀਐਸਪੀ (ਡੀ), ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀਆਈਏ ਸਟਾਫ ਵੱਲੋਂ ਨੇਪਰੇ ਚਾੜ੍ਹਿਆ ਗਿਆ।