Seventy Five Corona cases : ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਹੁਸ਼ਿਆਰਪੁਰ ਤੋਂ ਅੱਜ ਵੱਡੀ ਗਿਣਤੀ ਵਿਚ 42 ਮਾਮਲੇ ਸਾਹਮਣੇ ਆਏ ਹਨ ਇਸ ਤੋਂ ਇਲਾਵਾ ਬਰਨਾਲਾ ਤੋਂ 8 ਅਤੇ ਮੋਹਾਲੀ ਤੋਂ 25 ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ। ਇਨ੍ਹਾਂ ਮਾਮਲਿਆਂ ਵਿਚ ਪੁਲਿਸ ਮੁਲਾਜ਼ਮ ਤੇ ਬੀਐਸਐਫ ਦੇ ਜਵਾਨ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਹੁਸ਼ਿਆਰਪੁਰ ਤੋਂ ਕੋਰੋਨਾ ਦੇ 42 ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 502 ਹੋ ਗਿਆ ਹੈ। ਅੱਜ ਸਾਹਮਣੇ ਆਏ ਮਾਮਲਿਆਂ ਵਿਚ 19 ਬੀਐਸਐਫ ਦੇ ਜਵਾਨ, 6 ਐਸਬੀਆਈ ਦੇ ਬੈਂਕ ਮੁਲਾਜ਼ਮ ਅਤੇ 9 ਗੜ੍ਹਸ਼ੰਕਰ ਬਲਾਕ ਅਤੇ ਬਾਕੀ ਹੁਸ਼ਿਆਰਪੁਰ ਨਾਲ ਸਬੰਧਤ ਮਰੀਜ਼ ਸ਼ਾਮਲ ਹਨ। ਹੁਣ ਤੱਕ ਜ਼ਿਲੇ ਵਿਚ ਕੋਰੋਨਾ ਨਾਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉਥੇ ਹੀ ਬਰਨਾਲਾ ’ਚ ਵਿਚ ਐਸਐਚਓ ਮਹਿਲ ਕਲਾਂ ਜਸਵਿੰਦਰ ਕੌਰ, ਹੌਲਦਾਰ ਯਾਦਵਿੰਦਰ ਸਿੰਘ ਤੇ 2 ਹਵਾਲਾਤੀਆਂ ਸਣੇ ਕੁੱਲ 8 ਜਣਿਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਅੱਜ ਸਾਹਮਣੇ ਆਏ ਮਰੀਜ਼ਾਂ ਵਿਚ ਥਾਣਾ ਮਹਿਲ ਕਲਾਂ ਦੇ 2 ਮੁਲਾਜਮ ,2 ਹਵਾਲਾਤੀ, 2 ਹੰਡਿਆਇਆ ਪਿੰਡ ਦੇ ਅਤੇ ਆਸਥਾ ਕਲੋਨੀ ਬਰਨਾਲਾ ਅਤੇ ਮੌੜ ਨਾਭਾ ਦੇ 1-1 ਮਰੀਜ਼ ਸ਼ਾਮਿਲ ਹਨ। ਇਹ ਸਾਰੇ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ ਵਾਲੇ ਹਨ।
ਮੋਹਾਲੀ ਜ਼ਿਲੇ ਤੋਂ ਅੱਜ ਕੋਰੋਨਾ ਦੇ 25 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਗਿਰੀਸ਼ ਦਿਆਲਨ ਨੇ ਦਿੰਦਿਆਂ ਦੱਸਿਆ ਕਿ ਅੱਜ ਸਾਹਮਣੇ ਆਏ ਮਾਮਲੇ ਓਮੇਗਾ ਸਿਟੀ ਖਰੜ, ਸੈਕਟਰ-66 ਮੋਹਾਲੀ, ਫੇਜ 3ਬੀ2, ਅਮਰ ਸਿਟੀ ਖਰੜ, ਸੰਨੀ ਇੰਨਕਲੇਵ ਖਰੜ, ਸੈਕਟਰ-76 ਮੋਹਾਲੀ, ਫੇਜ-1 ਮੋਹਾਲੀ, ਫੇਜ-11 ਮੋਹਾਲੀ, ਖਰੜ, ਸੈਕਟਰ-99 ਮੋਹਾਲੀ, ਪਿੰਡ ਚਾਓ ਮਾਜਰਾ, ਏਕੇਐਸ ਕਾਲੋਨੀ, ਈਕੋ ਸਿਟੀ ਨਿਊ ਚੰਡੀਗੜ੍ਹ, ਡੇਰਾਬੱਸੀ, ਅਤੇ ਜੀਰਕਪੁਰ ਨਾਲ ਸਬੰਧਤ ਹਨ। ਉਥੇ ਹੀ 16 ਲੋਕਾਂ ਨੂੰ ਠੀਕ ਹੋਣ ’ਤੇ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਜ਼ਿਲੇ ਵਿਚ ਕੋਰੋਨਾ ਦੇ ਕੁਲ 715 ਮਰੀਜ਼ ਹੋ ਗਏ ਹਨ, ਜਿਨ੍ਹਾਂ ਵਿਚੋਂ 250 ਮਾਮਲੇ ਐਕਟਿਵ ਹਨ। ਜਦਕਿ ਹੁਣ ਤੱਕ 14 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ।