France expands free corona testing: ਪੈਰਿਸ: ਕੋਰੋਨਾ ਵਾਇਰਸ ਨੇ ਵਿਸ਼ਵ ਦੇ ਵਿਕਸਤ ਦੇਸ਼ਾਂ ਦੀ ਸਿਹਤ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ, ਫਰਾਂਸ ਨੇ ਆਪਣੇ ਨਾਗਰਿਕਾਂ ਲਈ ਕੋਰੋਨਾ ਵਾਇਰਸ ਟੈਸਟ ਬਿਲਕੁਲ ਮੁਫਤ ਕੀਤਾ ਹੈ। ਸਿਹਤ ਮੰਤਰੀ ਓਲੀਵੀਅਰ ਵੇਰਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਜਿਹੜਾ ਵੀ ਵਿਅਕਤੀ ਕੋਰੋਨਾ ਟੈਸਟ ਕਰਵਾਉਣਾ ਚਾਹੁੰਦਾ ਹੈ ਉਸਦਾ ਸਵਾਗਤ ਹੈ, ਇਹ ਸਰਕਾਰ ਵੱਲੋਂ ਬਿਲਕੁਲ ਮੁਕਤ ਹੈ। ਵੇਰਨ ਨੇ ਅੱਗੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਤੋਂ ਕਰਵਾਏ ਗਏ ਟੈਸਟਾਂ ਲਈ ਜਾਂ ਪਹਿਲਾਂ ਕਰਵਾਏ ਗਏ ਟੈਸਟਾਂ ਲਈ ਵੀ ਰਿਫੰਡ ਦਾ ਪ੍ਰਬੰਧ ਕੀਤਾ ਗਿਆ ਹੈ ।
ਇਸ ਸਬੰਧੀ ਵੇਰਨ ਨੇ ਦੱਸਿਆ ਕਿ ਮੈਂ ਇਸ ਸ਼ਨੀਵਾਰ ਨੂੰ ਇੱਕ ਆਦੇਸ਼ ‘ਤੇ ਦਸਤਖਤ ਕੀਤੇ ਹਨ ਕਿ ਅੱਜ ਤੋਂ ਕੋਈ ਵੀ PCR ਟੈਸਟ ਨੂੰ ਪੂਰੀ ਤਰ੍ਹਾਂ ਨਾਲ ਕਰਵਾ ਸਕਦਾ ਹੈ। ਕਿਸੇ ਡਾਕਟਰ ਦੇ ਆਦੇਸ਼ ਜਾਂ ਯੋਗ ਕਾਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਨਿਯਮ ਬਿਨ੍ਹਾਂ ਲੱਛਣਾਂ ਵਾਲੇ ਲੋਕਾਂ ‘ਤੇ ਵੀ ਲਾਗੂ ਹੋਵੇਗਾ। ਵੇਰਨ ਨੇ ਵੱਧ ਰਹੇ ਕੋਰੋਨਾ ਕੇਸਾਂ ‘ਤੇ ਚਿੰਤਾ ਜ਼ਾਹਰ ਕੀਤੀ ਪਰ ਕਿਹਾ ਕਿ ਦੂਜੀ ਲਹਿਰ ਬਾਰੇ ਗੱਲ ਕਰਨਾ ਬਹੁਤ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਸ ਸਮੇਂ ਦੂਜੀ ਲਹਿਰ ਦੀ ਗੱਲ ਨਹੀਂ ਕਰ ਸਕਦੇ ਪਰ ਇਕ ਗੱਲ ਪੱਕੀ ਹੈ, ਅਸੀਂ ਪਿਛਲੇ ਦਿਨਾਂ ਵਿੱਚ ਕੇਸਾਂ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਵੇਖਿਆ ਹੈ, ਜਦੋਂ ਕਿ ਕੇਸ ਲਗਾਤਾਰ 13 ਹਫ਼ਤਿਆਂ ਤੋਂ ਘਟਦੇ ਜਾ ਰਹੇ ਸਨ । ਕੋਵਿਡ-19 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਫਰਾਂਸ ਵਿੱਚ 217,801 ਮਾਮਲੇ ਹੋਏ ਹਨ, ਜਦੋਂ ਕਿ ਤਕਰੀਬਨ 30,192 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉੱਥੇ ਹੀ ਦੂਜੇ ਪਾਸੇ ਬ੍ਰਿਟੇਨ ਵੱਲੋਂ ਸੁਰੱਖਿਅਤ ਦੇਸ਼ਾਂ ਦੀ ਸੂਚੀ ਤੋਂ ਹਟਾਏ ਜਾਣ ਤੋਂ ਬਾਅਦ ਸਪੇਨ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਵਿਡ -19 ਦੇ ਸਾਰੇ ਮਾਮਲੇ ਜੋ ਸਾਹਮਣੇ ਆ ਰਹੇ ਹਨ, ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਇਹ ਬਿਆਨ ਅਧਿਕਾਰਤ ਤੌਰ ‘ਤੇ ਸਪੇਨ ਤੋਂ ਉਸ ਸਮੇਂ ਆਇਆ ਜਦੋਂ ਬ੍ਰਿਟਿਸ਼ ਵੱਲੋਂ ਸਪੇਨ ਤੋਂ ਵਾਪਸ ਪਰਤਣ ਵਾਲਿਆਂ ‘ਤੇ 14 ਦਿਨਾਂ ਦੇ ਕੁਆਰੰਟੀਨ ਦੇ ਫੈਸਲੇ ਨੂੰ ਲਾਗੂ ਕੀਤਾ ਗਿਆ।