government bans 47 more chinese apps: ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਤਣਾਅ ਦੇ ਵਿਚਕਾਰ ਕੇਂਦਰ ਦੀ ਮੋਦੀ ਸਰਕਾਰ ਨੇ 47 ਹੋਰ ਚੀਨੀ ਐਪਸ ‘ਤੇ ਪਾਬੰਦੀ ਲਗਾਈ ਹੈ। ਸਰਕਾਰ ਪਹਿਲਾਂ ਹੀ 59 ਚੀਨੀ ਐਪਸ ਤੇ ਪਾਬੰਦੀ ਲਗਾ ਚੁੱਕੀ ਹੈ। ਜਾਣਕਾਰੀ ਅਨੁਸਾਰ ਜ਼ਿਆਦਾਤਰ ਪਾਬੰਦੀਸ਼ੁਦਾ ਐਪਸ ਪਿੱਛਲੀਆਂ ਪਾਬੰਦੀਸ਼ੁਦਾ ਐਪਸ ਦੇ ਕਲੋਨਿੰਗ ਐਪਸ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ 47 ਐਪਸ ਦੇਸ਼ ਦੇ ਡਾਟਾ ਪ੍ਰੋਟੋਕੋਲ ਦੀ ਵੀ ਉਲੰਘਣਾ ਕਰ ਰਹੇ ਸਨ ਅਤੇ ਉਨ੍ਹਾਂ ‘ਤੇ ਡਾਟਾ ਚੋਰੀ ਕਰਨ ਦੇ ਵੀ ਦੋਸ਼ ਹਨ। ਇਹ ਐਪਸ ਉਪਭੋਗਤਾਵਾਂ ਦੀ ਨਿਜੀ ਅਤੇ ਗੁਪਤ ਜਾਣਕਾਰੀ ਦੀ ਵਰਤੋਂ ਕਰ ਰਹੇ ਸਨ ਅਤੇ ਉਨ੍ਹਾਂ ਨੇ ਨਿੱਜਤਾ ਕਾਨੂੰਨ ਦੀ ਵੀ ਉਲੰਘਣਾ ਕੀਤੀ ਹੈ, ਜਿਸ ਕਾਰਨ ਕੇਂਦਰ ਸਰਕਾਰ ਨੇ ਉਨ੍ਹਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।
ਇਸ ਤੋਂ ਪਹਿਲਾਂ 29 ਜੂਨ ਨੂੰ ਭਾਰਤ ‘ਚ 59 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਗਈ ਸੀ। ਜਿਨ੍ਹਾਂ ਐਪਸ ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿੱਚ ਟਿਕਟੋਕ, ਯੂਸੀ ਬਰਾਉਜ਼ਰ, ਸ਼ੇਅਰ ਇਟ ਆਦਿ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਹੈਲੋ, ਲਾਈਕ, ਕੈਮ ਸਕੈਨਰ, ਸ਼ੀਨ ਕਵਾਈ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਬੈਡੂ ਮੈਪ, ਕੇਵਾਈ, ਡੀਯੂ ਬੈਟਰੀ ਸਕੈਨਰ ਉੱਤੇ ਵੀ ਪਾਬੰਦੀ ਲਗਾਈ ਗਈ ਹੈ। ਸਰਕਾਰ ਨੇ ਆਈਟੀ ਐਕਟ 2000 ਦੇ ਤਹਿਤ ਇਨ੍ਹਾਂ ਚੀਨੀ ਐਪਸ ਉੱਤੇ ਪਾਬੰਦੀ ਲਗਾ ਦਿੱਤੀ ਸੀ। ਸੂਤਰਾਂ ਦੇ ਅਨੁਸਾਰ, ਚੀਨੀ ਐਪਸ ਦੀ ਇੱਕ ਨਵੀਂ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਕੁੱਝ ਚੋਟੀ ਦੇ ਗੇਮਿੰਗ ਐਪਸ ਸ਼ਾਮਿਲ ਹਨ। ਇਹ ਸੰਭਵ ਹੈ ਕਿ ਅਗਲੀ ਸੂਚੀ ਦੇ ਬਾਅਦ, ਭਾਰਤ ਵਿੱਚ ਕਈ ਪ੍ਰਸਿੱਧ ਚੀਨੀ ਗੇਮਜ਼ ‘ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ।
ਰਿਪੋਰਟ ਦੇ ਅਨੁਸਾਰ, ਇਸ ਵਾਰ 200 ਤੋਂ ਵੱਧ ਐਪਸ ਦੀ ਸੂਚੀ ਬਣਾਈ ਜਾ ਰਹੀ ਹੈ, ਜਿਸ ਵਿੱਚ ਪ੍ਰਸਿੱਧ ਐਪਸ ਜਿਵੇਂ ਪਬਜ਼ੀ ਅਤੇ ਅਲੀ ਐਕਸਪ੍ਰੈਸ ਸ਼ਾਮਿਲ ਹਨ। ਭਾਰਤ ‘ਚ ਇਨ੍ਹਾਂ ਐਪਸ ਦੇ ਕਰੋੜਾਂ ਉਪਭੋਗਤਾ ਹਨ। ਰਿਪੋਰਟ ਦੇ ਅਨੁਸਾਰ ਇਹ ਐਪਸ ਕਥਿਤ ਤੌਰ ‘ਤੇ ਚੀਨ ਨਾਲ ਡੇਟਾ ਸ਼ੇਅਰ ਕਰ ਰਹੀਆਂ ਹਨ ਅਤੇ ਇਸ ਕਾਰਨ ਸਰਕਾਰੀ ਏਜੰਸੀਆਂ ਉਨ੍ਹਾਂ ਦੀ ਸਮੀਖਿਆ ਕਰ ਰਹੀਆਂ ਹਨ। ਫਿਲਹਾਲ ਸਰਕਾਰ ਵੱਲੋਂ ਨਵੀਂ ਐਪ ਬੈਨ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਹੁਣ ਸਵਾਲ ਇਹ ਹੈ ਕਿ ਕੀ ਇਸ ਵਾਰ ਵੀ ਪਬਜ਼ੀ ‘ਤੇ ਪਾਬੰਦੀ ਲਗਾਈ ਜਾਏਗੀ? ਕਿਉਂਕਿ ਪਬਜ਼ੀ ਦੇ ਬਹੁਤ ਸਾਰੇ ਕੁਨੈਕਸ਼ਨ ਚੀਨ ਨਾਲ ਜੁੜੇ ਹੋਏ ਹਨ, ਹਾਲਾਂਕਿ ਇਸ ਐਪ ਨੂੰ ਪੂਰੀ ਤਰ੍ਹਾਂ ਚੀਨੀ ਨਹੀਂ ਕਿਹਾ ਜਾ ਸਕਦਾ।