Sonu Sood News update: ਸੋਨੂੰ ਸੂਦ ਨੇ ਇਸ ਮਹਾਮਾਰੀ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤਾਂ ਪਹੁੰਚਾਇਆ ਹੀ ਹੈ, ਪਰ ਹੁਣ ਉਨ੍ਹਾਂ ਨੇ ਆਪਣੀ ਇਸ ਕੋਸ਼ਿਸ਼ ‘ਚ ਇਕ ਕਦਮ ਹੋਰ ਵਧਾਉਂਦਿਆਂ ਹੋਰ ਮਿਸਾਲਾਂ ਵੀ ਕਾਇਮ ਕੀਤੀਆਂ ਹਨ। ਦਰਅਸਲ ਆਂਧਰਾ ਪ੍ਰਦੇਸ਼ ਦੇ ਚਿੱਤੂਰ ਦੀ ਇਕ ਵੀਡੀਓ ਸਾਹਮਣੇ ਆਈ, ਜਿਸ ਵਿਚ ਦੋ ਧੀਆਂ ਬਲਦਾਂ ਵਾਂਗ ਖੇਤ ‘ਚ ਆਪਣੇ ਪਿਤਾ ਨਾਲ ਹਲ ਵਾਹੁਦਿਆਂ ਨਜ਼ਰ ਆਈਆਂ ਕਿਉਂਕਿ ਉਨ੍ਹਾਂ ਕੋਲ ਬਲਦ ਰੱਖਣ ਲਈ ਪੈਸੇ ਨਹੀਂ ਸਨ। ਸੋਨੂੰ ਸੂਦ ਨੇ ਜਦੋਂ ਇਹ ਵੀਡੀਓ ਵੇਖੀ ਤਾਂ ਉਸ ਕਿਸਾਨ ਦੇ ਘਰ ਟਰੈਕਟਰ ਭੇਜ ਦਿੱਤਾ ਅਤੇ ਕਿਹਾ ਕਿ ਦੋਹੇਂ ਧੀਆਂ ਪੜ੍ਹਾਈ ਵੱਲ ਧਿਆਨ ਲਗਾਉਣ।
ਸੂਦ ਨੇ ਇਸ ਵੀਡੀਓ ਦੇਖ ਕੇ ਪਹਿਲਾਂ ਟਵੀਟ ਕੀਤਾ ਸੀ ਕਿ ਇਨ੍ਹਾਂ ਕੋਲ ਬਲਦਾਂ ਦੀ ਜੋੜੀ ਹੋਵੇਗੀ ਪਰ ਬਾਅਦ ਵਿੱਚ ਟਵੀਟ ਕੀਤਾ ਕਿ ਬਲਦਾਂ ਦੀ ਜੋੜੀ ਨਹੀਂ ਇਨ੍ਹਾਂ ਨੂੰ ਟਰੈਕਟਰ ਮਿਲਣਾ ਚਾਹੀਦਾ ਹੈ। ਸੋਨੂੰ ਸੂਦ ਦੇ ਇਸ ਕੰਮ ਦੀ ਖ਼ੂਬ ਵਾਹੋਵਾਹੀ ਹੋਈ। ਫਿਰ ਕੜੀ ਨਾਲ ਕੜੀ ਜੁੜਦੀ ਗਈ। ਤੇਲੁਗੂ ਦੇਸਮ ਪਾਰਟੀ ਦੇ ਪ੍ਰਧਾਨ ਐੱਨ ਚੰਦਰਾਬਾਬੂ ਨਾਇਡੂ ਨੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਅਤੇ ਕਿਸਾਨ ਦੀਆਂ ਦੋਹਾਂ ਧੀਆਂ ਦੀ ਪੜਾਈ ਦਾ ਖ਼ਰਚ ਚੁੱਕਣ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਸੋਨੂੰ ਸੂਦ ਉਸ ਵੇਲੇ ਚਰਚਾ ‘ਚ ਆਏ ਜਦੋਂ ਉਨ੍ਹਾਂ ਕੋਰੋਨਾ ਸੰਕਟ ਦੌਰਾਨ ਪਰਵਾਸੀਆਂ ਨੂੰ ਸੜਕਾਂ ‘ਤੇ ਸੈੰਕੜੇ ਮੀਲ ਪੈਦਲ ਜਾਂਦੇ ਵੇਖਿਆ ਤਾਂ ਉਨ੍ਹਾਂ ਨੂੰ ਭੇਜਣ ਲਈ ਬੱਸਾਂ ਦਾ ਇੰਤਜ਼ਾਮ ਕੀਤਾ। ਵੇਖਦਿਆਂ ਹੀ ਵੇਖਦਿਆਂ ਸੋਨੂੰ ਸੂਦ ਦੇ ਚਰਚੇ ਹਰ ਪਾਸੇ ਹੋਣ ਲੱਗੇ ਅਤੇ ਜੋ ਵੀ ਘਰ ਜਾਣਾ ਚਾਹੁੰਦਾ, ਟਵਿਟਰ ਰਾਹੀਂ ਸੋਨੂੰ ਸੂਦ ਨੂੰ ਮਦਦ ਲਈ ਅਪੀਲ ਕਰਦਾ। ਫਿਰ ਕੀ ਸੀ…ਸੋਨੂੰ ਸੂਦ ਉਨ੍ਹਾਂ ਦੀ ਮਦਦ ਲਈ ਹਾਜ਼ਰ ਰਹਿੰਦੇ। ਉਹ ਪਰਵਾਸੀਆਂ ਲਈ “ਸੂਪਰ ਹੀਰੋ” ਬਣ ਗਏ।