Gold touches new record: ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿਲਸਿਲਾ ਇਸ ਹਫਤੇ ਵੀ ਜਾਰੀ ਰਿਹਾ ਹੈ। ਕੌਮਾਂਤਰੀ ਪੱਧਰ ‘ਤੇ ਕੀਮਤਾਂ ਵੱਧਣ ਕਾਰਨ ਘਰੇਲੂ ਪੱਧਰ ‘ਤੇ ਸੋਨਾ 52,435 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ । ਇਸ ਦੇ ਨਾਲ ਹੀ ਗਲੋਬਲ ਬਾਜ਼ਾਰ ਵਿੱਚ ਸੋਨਾ 1,981.10 ਡਾਲਰ ਪ੍ਰਤੀ ਔਂਸ ਦੇ ਨਵੇਂ ਸਿਖਰ ‘ਤੇ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਸੋਨੇ ਦੀਆਂ ਕੀਮਤਾਂ 52,414 ਰੁਪਏ ਪ੍ਰਤੀ ਦਸ ਗ੍ਰਾਮ ਸੀ। ਇਸ ਤੋਂ ਇਲਾਵਾ ਚਾਂਦੀ ਵੀ 8 ਸਾਲਾਂ ਦੀ ਸਿਖਰ ‘ਤੇ ਪਹੁੰਚ ਗਈ ਅਤੇ ਇਸ ਦੀ ਕੀਮਤ 67,560 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਮਾਹਿਰਾਂ ਦਾ ਮੰਨਣਾ ਹੈ ਕਿ ਸੋਨੇ ਅਤੇ ਚਾਂਦੀ ਵਿੱਚ ਹਾਲੇ ਹੋਰ ਤੇਜ਼ੀ ਆਵੇਗੀ ਅਤੇ ਜਲਦੀ ਹੀ ਸੋਨਾ 53,000 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 70,000 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਛੂਹ ਸਕਦੀ ਹੈ।
ਇਸ ਮਾਮਲੇ ਵਿੱਚ ਮਾਹਰਾਂ ਦਾ ਮੰਨਣਾ ਹੈ ਕਿ ਅਮਰੀਕਾ-ਚੀਨ ਵਿਚਾਲੇ ਚੱਲ ਰਹੇ ਤਣਾਅ ਵਿੱਚ ਅਮਰੀਕੀ ਡਾਲਰ ਕਮਜ਼ੋਰ ਹੋ ਰਿਹਾ ਹੈ। ਇਸੇ ਕਰਕੇ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਦਾ ਰੁਝਾਨ ਹੈ। ਉਥੇ ਹੀ ਅਮਰੀਕੀ ਬਾਂਡ ਯੀਲਡ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਜਿਸ ਕਾਰਨ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ਾਂ ਵਜੋਂ ਸੋਨੇ ਅਤੇ ਚਾਂਦੀ ਦੀ ਖਰੀਦ ਸ਼ੁਰੂ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਇੱਕ ਪੋਲ ਵੀ ਕਰਵਾਇਆ ਗਿਆ ਹੈ। ਇਸ ਪੋਲ ਵਿੱਚ ਸ਼ਾਮਿਲ 40 ਪ੍ਰਤੀਸ਼ਤ ਲੋਕਾਂ ਦਾ ਕਹਿਣਾ ਹੈ ਕਿ ਦੀਵਾਲੀ ਤੱਕ ਸੋਨਾ 55000 ਦੇ ਪੱਧਰ ਨੂੰ ਛੂਹ ਸਕਦਾ ਹੈ। ਉੱਥੇ ਹੀ 30 ਪ੍ਰਤੀਸ਼ਤ ਲੋਕਾਂ ਦਾ ਕਹਿਣਾਹੈ ਕਿ ਦੀਵਾਲੀ ਤੱਕ ਸੋਨੇ ਵਿੱਚ 53000-54000 ਦਾ ਪੱਧਰ ਸੰਭਵ ਹੈ। ਦੱਸ ਦੇਈਏ ਕਿ ਚਾਂਦੀ ਨੂੰ ਲੈ ਕੇ 70 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਦੀਵਾਲੀ ਤੱਕ ਚਾਂਦੀ ਵਿੱਚ 65000-68000 ਦਾ ਪੱਧਰ ਸੰਭਵ ਹੈ । 20 ਪ੍ਰਤੀਸ਼ਤ ਲੋਕਾਂ ਦੀ ਰਾਏ ਹੈ ਕਿ ਦੀਵਾਲੀ ਤੱਕ ਚਾਂਦੀ 70,000 ਦੇ ਪੱਧਰ ਨੂੰ ਛੂਹ ਸਕਦੀ ਹੈ। ਇਸ ਦੇ ਨਾਲ ਹੀ 10 ਪ੍ਰਤੀਸ਼ਤ ਲੋਕਾਂ ਦੀ ਰਾਏ ਹੈ ਕਿ ਦੀਵਾਲੀ ਤੱਕ ਚਾਂਦੀ ਵਿੱਚ 63000 ਰੁਪਏ ਦਾ ਵੀ ਪੱਧਰ ਸੰਭਵ ਹੈ।