Powercom division Raikot: ਅਜੌਕੇ ਸਮੇਂ ਵਿੱਚ ਬਿਜਲੀ ਆਮ ਲੋਕਾਂ ਦੀ ਮੁੱਖ ਲੋੜ ਬਣ ਗਈ ਹੈ ਅਤੇ ਇੱਕ ਪਲ ਵੀ ਬਿਜਲੀ ਬਿਨਾਂ ਨਹੀਂ ਸਰਦਾ ਹੈ, ਉੱਥੇ ਹੀ ਪਿੱਛਲੇ ਸਮੇਂ ‘ਚ ਬਿਜਲੀ ਵਿਭਾਗ(ਪਾਵਰਕਾਮ) ਦੀ ਨੌਕਰੀ ਇੱਕ ਬੇਹਤਰੀਨ ਤੇ ਸ਼ਾਨਦਾਰ ਨੌਕਰੀ ਮੰਨੀ ਜਾਂਦੀ ਸੀ, ਪਰ ਅਜੌਕੇ ਸਮੇਂ ਵਿੱਚ ਸਟਾਫ ਦੀ ਘਾਟ ਅਤੇ ਅਧਿਕਾਰੀਆਂ ਦੇ ਬੇਲੋੜੇ ਦਬਾਅ ਕਾਰਨ ਮੁਲਾਜ਼ਮਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਗਈ ਹੈ। ਅਜਿਹੇ ਹੀ ਹਾਲਤਾਂ ਵਿੱਚੋਂ ਪਾਵਰਕਾਮ ਡਵੀਜਨ ਰਾਏਕੋਟ ਗੁਜ਼ਰ ਰਹੀ ਹੈ, ਜਿੱਥੇ 1978 ਦੇ ਵਰਕਲੋਡ ਮੁਤਾਬਕ ਕਲੈਰੀਕਲ ਤੇ ਮੈਂਟੀਨੈੱਸ ਵਿਭਾਗ ਦੀਆਂ ਸਿਰਫ 525 ਪੋਸਟਾਂ ਹੀ ਸੈਕਸ਼ਨ ਹਨ, ਜਿਨਾਂ ਵਿੱਚੋਂ ਵੀ 336 ਪੋਸਟਾਂ ਇਸ ਸਮੇਂ ਖਾਲੀ ਹਨ ਅਤੇ 189 ਮੁਲਾਜ਼ਮਾਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ, ਜਦਕਿ ਮੌਜੂਦਾ ਸਮੇਂ ਵਿੱਚ ਪਾਵਰਕਾਮ ਡਵੀਜਨ ਰਾਏਕੋਟ ਵਿਖੇ ਵੱਖ-ਵੱਖ ਵਰਗਾਂ ‘ਚ 77937 ਦੇ ਕਰੀਬ ਖਪਤਕਾਰ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਮੁਲਾਜ਼ਮ ਆਗੂ ਜਸਵੰਤ ਸਿੰਘ ਕੁਤਬਾ, ਅਵਨਿੰਦਰ ਸਿੰਘ ਲਾਡੀ ਤੇ ਸਿਕੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬਿਜਲੀ ਬੋਰਡ(ਪਾਵਰਕਾਮ) ਵਿੱਚ 1998 ਤੋਂ ਭਰਤੀ ‘ਤੇ ਰੋਕ ਲਗਾਈ ਹੋਈ ਹੈ। ਜਿਸ ਕਾਰਨ ਮੌਜੂਦਾ ਸਮੇਂ ‘ਚ ਕੰਮ ਕਰ ਰਹੇ ਮੁਲਾਜ਼ਮਾਂ ‘ਤੇ ਕੰਮ ਦਾ ਕਾਫੀ ਭਾਰ ਪਾਇਆ ਹੋਇਆ ਹੈ। ਜਿਸ ਦੇ ਚਲਦੇ ਮੁਲਾਜ਼ਮਾਂ ਨੂੰ ਦਿਨ-ਰਾਤ ਕੰਮ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਹ ਸਰੀਰਕ ਤੇ ਮਾਨਸਿਕ ਤੌਰ ‘ਤੇ ਕਾਫੀ ਪ੍ਰੇਸ਼ਾਨੀ ‘ਚ ਰਹਿੰਦੇ ਹਨ ਅਤੇ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਬਲਕਿ ਵਰਕਲੋਡ ਦੀ ਪ੍ਰੇਸ਼ਾਨੀ ਅਤੇ ਉੱਚ ਅਧਿਕਾਰੀਆਂ ਦੇ ਬੇਲੋੜੇ ਦਬਾਅ ਕਾਰਨ ਪਾਵਰਕਾਮ ਸਬ-ਡਵੀਜਨ ਲੱਖਾ ਵਿਖੇ ਤਾਇਨਾਤ ਜੇਈ ਬ੍ਰਿਜ ਕੁਮਾਰ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ, ਜੋ ਪਾਵਰਕਾਮ ਦੇ ਨਿਕੰਮੇ ਪ੍ਰਬੰਧਾਂ ਦੀ ਭੇਂਟ ਚੜ ਗਏ ਹਨ। ਉਨਾਂ ਦੱਸਿਆ ਕਿ ਰਾਏਕੋਟ ਡਵੀਜਨ ਅਧੀਨ ਚਾਰ ਸਬ-ਡਵੀਜਨਾਂ(ਰਾਏਕੋਟ, ਬੱਸੀਆਂ, ਰੂਮੀ ਤੇ ਲੱਖਾ) ਆਉਂਦੀਆਂ ਹਨ ਅਤੇ ਡਵੀਜਨ ਦਾ ਇਲਾਕਾ ਕਾਫੀ ਦੂਰ ਤੱਕ ਫੈਲਿਆ ਹੋਇਆ ਹੈ ਪ੍ਰੰਤੂ ਮੁਲਾਜ਼ਮਾਂ ਦੀ ਘਾਟ ਕਾਰਨ ਆਏ ਦਿਨੀਂ ਕੋਈ ਨਾ ਕੋਈ ਮੁਲਾਜ਼ਮਾਂ ਹਾਦਸੇ ਦਾ ਸ਼ਿਕਾਰ ਹੋ ਰਿਹਾ ਹੈ।
ਉਨਾਂ ਦੱਸਿਆ ਕਿ ਡਵੀਜਨ ਰਾਏਕੋਟ ਵਿੱਚ 22 ਜੂਨੀਅਰ ਇੰਜਨੀਅਰ ਦੀਆਂ ਮਨਜ਼ੂਰ ਪੋਸਟਾਂ ‘ਚੋਂ ਸਿਰਫ 10 ਜੇਈ ਹੀ ਤਾਇਨਾਤ ਹਨ ਅਤੇ 12 ਪੋਸਟਾਂ ਖਾਲੀ ਹਨ, ਉਥੇ ਹੀ 131 ਲਾਈਨਮੈਨਾਂ ਦੀਆਂ ਪੋਸਟਾਂ ‘ਚੋਂ 65 ਪੋਸਟਾਂ ਭਰੀਆਂ ਤੇ 66 ਖਾਲੀ ਹਨ ਅਤੇ ਸਹਾਇਕ ਲਾਈਨਮੈਨ ਦੀਆਂ ਕੁੱਲ 233 ਪੋਸਟਾਂ ‘ਚੋਂ ਸਿਰਫ 58 ਪੋਸਟਾਂ ਹੀ ਭਰੀਆਂ ਤੇ 175 ਪੋਸਟਾਂ ਖਾਲੀ ਹਨ। ਉਨਾਂ ਕਿਹਾ ਕਿ ਮੁਲਾਜ਼ਮਾਂ ਦੇ ਸਾਂਝੇ ਫੋਰਮ ਵੱਲੋਂ ਖਾਲੀ ਪੋਸਟਾਂ ਦੀ ਭਰਤੀ ਲਈ ਸਮੇਂ-ਸਮੇਂ ‘ਤੇ ਦਬਾਅ ਪਾਇਆ ਜਾ ਹੈ ਪਰ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਕੰਨਾਂ ‘ਤੇ ਜੂੰਅ ਤੱਕ ਨਹੀਂ ਸਰਕਦੀ, ਸਗੋਂ ਪ੍ਰਾਈਵੇਟ ਕਰਮਚਾਰੀਆਂ ਰਾਹੀਂ ਕੰਮ ਕਰਵਾ ਕੇ ਡੰਗ ਟਪਾਇਆ ਜਾ ਰਿਹਾ ਹੈ। ਉਨਾਂ ਮੰਗ ਕਰਦਿਆ ਕਿਹਾ ਕਿ ਮੌਜੂਦ ਵਰਕਲੋਡ ਮੁਤਾਬਕ ਰਾਏਕੋਟ ਡਵੀਜ਼ਨ ਵਿੱਚ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਤਾਂ ਜੋ ਬਿਜਲੀ ਸਪਲਾਈ ਦਾ ਕੰਮ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।