SSP Mahal Jalandhar : ਚੰਡੀਗੜ੍ਹ : ਪੰਜਾਬ ਪੁਲਿਸ ਦੇ ਕੋਵਿਡ-19 ਨੂੰ ਮਾਤ ਦੇਣ ਵਾਲੇ ਜਲੰਧਰ ਦਿਹਾਤੀ ਦੇ SSP ਨਵਜੋਤ ਸਿੰਘ ਮਾਹਲ ਤੇ 40 ਹੋਰ ਪੁਲਿਸ ਮੁਲਾਜ਼ਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ’ਤੇ ਆਪਣੇ ਖੂਨ ਦਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਏ ਹਨ। ਇਸ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਸ਼੍ਰੀ ਦਿਨਕਰ ਗੁਪਤਾ ਨੇ ਦਿੰਦੇ ਹੋਏ ਦੱਸਿਆ ਕਿ 40 ਪੁਲਿਸ ਮੁਲਾਜ਼ਮਾਂ ਨੇ ਆਪਣਾ ਪਲਾਜ਼ਮਾ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮੁਲਾਜ਼ਮ ਜਲੰਧਰ ਦਿਹਾਤੀ ਨਾਲ ਸਬੰਧਤ ਹਨ ਅਤੇ SSP ਮਾਹਲ ਖੁਦ ਸਿਹਤਯਾਬ ਹੋਣ ਤੋਂ ਬਾਅਦ ਹੋਰਨਾਂ ਨੂੰ ਵੀ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਉਹ ਨਿੱਜੀ ਤੌਰ ’ਤੇ ਆਪਣੇ ਹੋਰ ਸਾਥੀ ਅਧਿਕਾਰੀਆਂ ਦੇ ਘਰ ਜਾ ਕੇ ਦੋ ਹਫਤਿਆਂ ਦੀ ਰਿਕਵਰੀ ਤੋਂ ਬਾਅਦ ਹੋਰਨਾਂ ਸ਼ਰਤਾਂ ਮੁਤਾਬਕ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਜਲੰਧਰ ਦਿਹਾਤੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਵੱਲੋਂ ਪਲਾਜ਼ਮਾ ਦਾਨ ਕਰਨ ਲਈ ਵਚਨਬੱਧ ਹੋਣ ਤੋਂ 24 ਘੰਟਿਆਂ ਦੇ ਅੰਦਰ 40 ਪੁਲਿਸ ਮੁਲਾਜ਼ਮਾਂ ਨੇ ਸਵੈ-ਇੱਛਾ ਨਾਲ ਪਲਾਜ਼ਮਾ ਦਾਨ ਕੀਤਾ, ਜਿਸ ਤੋਂ ਬਾਅਦ ਹੋਰ ਪੁਲਿਸ ਮੁਲਾਜ਼ਮ ਵੀ ਇਸ ਲਈ ਅੱਗੇ ਆਏ, ਜਿਨ੍ਹਾਂ ਵਿਚੋਂ 33 ਮੁਲਾਜ਼ਮ ਜਲੰਧਰ ਦਿਹਾਤੀ ਨਾਲ ਸਬੰਧਤ ਹਨ।
ਡੀਜੀਪੀ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚੋਂ ਕੋਵਿਡ-19 ਤੋਂ ਸਿਹਤਯਾਬ ਹੋਏ ਪੁਲਿਸ ਮੁਲਾਜ਼ਮ ਪਲਾਜ਼ਮਾ ਦਾਨ ਕਰਨ ਪੇਸ਼ਕਸ਼ ਕਰ ਰਹੇ ਹਨ, ਜਿਨ੍ਹਾਂ ਵਿਚੋਂ ਗੁਰਦਾਸਪੁਰ ਤੋਂ ਦੋ ਮੁਲਾਜ਼ਮਾਂ ਨੇ ਪਲਾਜ਼ਮਾ ਦਾਨ ਕਰਨ ਦੀ ਇੱਛਾ ਪ੍ਰਗਟਾਈ, ਜਦਕਿ ਕਪੂਰਥਲਾ ਤੋਂ ਸਿਹਤਯਾਬ ਹੋਏ 10 ਮੁਲਾਜ਼ਮਾਂ ਵਿਚੋਂ ਤਿੰਨ ਮੁਲਾਜ਼ਮ ਹੀ ਪਲਾਜ਼ਮਾ ਦਾਨ ਕਰਨ ਦੇ ਯੋਗ ਪਾਏ ਗਏ।