Immediate SHO bail : ਬਰਨਾਲਾ : ਰਿਸ਼ਵਤ ਮਾਮਲੇ ਵਿਚ ਦੋਸ਼ੀ ਥਾਣਾ ਸਿਟੀ 1 ਦੇ ਦੇ ਤਤਕਾਲੀ ਐਸ.ਐਚ. ੳ. SI ਬਲਜੀਤ ਸਿੰਘ ਦੀ ਐਂਟੀਸਪੇਟਰੀ ਜ਼ਮਾਨਤ ਦੀ ਅਰਜ਼ੀ ਨੂੰ ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਨੇ ਨਾਮਨਜ਼ੂਰ ਕਰ ਦਿੱਤਾ ਗਿਆ ਹੈ। ਇਸੇ ਮਾਮਲੇ ’ਚ ਕਈ ਦਿਨ ਤੋਂ ਜੇਲ੍ਹ ਵਿਚ ਬੰਦ ਏ.ਐਸਆਈ. ਪਵਨ ਕੁਮਾਰ ਨੇ ਵੀ ਰੈਗੂਲਰ ਜਮਾਨਤ ਲਈ ਅਰਜ਼ੀ ਦਾਇਰ ਕਰ ਦਿੱਤੀ ਹੈ। ਐਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਨੇ ਵੀਡੀਉ ਕਾਨਫਰੰਸ ਰਾਹੀਂ ਇਸ ਮਾਮਲੇ ’ਤੇ ਸੁਣਵਾਈ ਕਰਦਿਆਂ ਨੇ ਪੁਲਿਸ ਨੂੰ 4 ਅਗਸਤ ਨੂੰ ਸਬੰਧਿਤ ਕੇਸ ਦਾ ਰਿਕਾਰਡ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਹੁਣ ਪਵਨ ਕੁਮਾਰ ਦੀ ਜ਼ਮਾਨਤ ਅਰਜ਼ੀ ’ਤੇ 4 ਅਗਸਤ ਨੂੰ ਸੁਣਵਾਈ ਹੋਵੇਗੀ। ਇਸ ਮੌਕੇ ਮਾਣਯੋਗ ਸੈਸ਼ਨ ਜੱਜ ਨੇ ਕਿਹਾ ਪੁਲਿਸ, ਪ੍ਰੌਸੀਕਿਊਸ਼ਨ ਤੇ ਨਿਆਂਇਕ ਪ੍ਰਣਾਲੀ ਇਨਸਾਫ ਦੇ ਤਿੰਨ ਅਹਿਮ ਥੰਮ ਹਨ। ਜੇਕਰ ਇਹ ਤਿੰਨਾਂ ਚੋਂ ਕੋਈ ਵੀ ਇੱਕ ਚੰਗੇ ਢੰਗ ਨਾਲ ਡਿਊਟੀ ਨਹੀਂ ਨਿਭਾਏਗਾ ਤਾਂ ਫਿਰ ਇਨਸਾਫ ਕਿਵੇਂ ਮਿਲ ਸਕੇਗਾ।
ਦੱਸਣਯੋਗ ਹੈ ਕਿ ਮਨਦੀਪ ਕੌਰ ਦੇ ਭੇਦਭਰੀ ਹਾਲਤ ’ਚ ਘਰ ਤੋਂ ਚਲੇ ਜਾਣ ਤੋਂ ਬਾਅਦ ਉਸ ਦੇ ਪਤੀ ਜਗਦੇਵ ਸਿੰਘ ਨੇ ਥਾਣਾ ਸਿਟੀ 1 ਵਿਖੇ ਐਫਆਈਆਰ ਦਰਜ ਕਰਵਾਈ ਸੀ। ਬੱਸ ਅੱਡਾ ਪੁਲਿਸ ਚੌਂਕੀ ’ਚ ਤਾਇਨਾਤ ਏ.ਐਸ.ਆਈ. ਪਵਨ ਕੁਮਾਰ ਦੀ ਅਗਵਾਈ ’ਚ ਪੁਲਿਸ ਪਾਰਟੀ ਨੇ ਮਨਦੀਪ ਕੌਰ ਨੂੰ ਮੋਗਾ ਦੇ ਪਿੰਡ ਲੰਗੇਆਣਾ ਤੋਂ ਦਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਦੇ ਕਬਜ਼ੇ ’ਚੋਂ ਬਰਾਮਦ ਕਰਵਾ ਲਿਆਈ ਸੀ। ਮਨਦੀਪ ਕੌਰ ਦੇ ਬਿਆਨਾਂ ’ਤੇ ਅਦਾਲਤ ਨੇ ਦਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਛੱਡ ਦਿੱਤਾ ਸੀ। ਜਦਕਿ ਦਵਿੰਦਰ ਸਿੰਘ ਦੀ ਲੁਧਿਆਣਾ ਦਿਹਾਤੀ ਦੇ ਥਾਣਾ ਸਿਧਵਾ ਬੇਟ ਪੁਲਿਸ ਨੂੰ ਕਈ ਮਾਮਲਿਆਂ ’ਚ ਤਲਾਸ਼ ਸੀ, ਤੇ ਉਸ ਦਾ ਨਾਮ 307 ਦੇ ਮਾਮਲੇ ’ਚ ਚੱਲ ਰਿਹਾ ਸੀ। ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਕਤ ਸਬ ਇੰਸਪੈਕਟਰ ਬਲਜੀਤ ਸਿੰਘ ਐਸਐਚਓ ਸਿਟੀ ਤੇ ਪਵਨ ਕੁਮਾਰ ਏਐਸਆਈ ਵਲੋਂ ਦੋਵੇਂ ਵਿਅਕਤੀਆਂ ਨੂੰ 3 ਲੱਖ ਰੁਪਏ ਦੀ ਰਿਸ਼ਵਤ ਲੈ ਦੇ ਛੱਡਿਆ ਗਿਆ ਹੈ।
ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਤਤਕਾਲੀ ਐਸਐਚਉ ਬਲਜੀਤ ਸਿੰਘ ਅਤੇ ਏ.ਐਸ.ਆਈ. ਪਵਨ ਕੁਮਾਰ ਖਿਲਾਫ 3 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਚ ਕੇਸ ਦਰਜ਼ ਕਰ ਦਿੱਤਾ ਸੀ। ਪੁਲਿਸ ਨੇ ਨਾਮਜਦ ਦੋਸ਼ੀ ਏ.ਐਸ.ਆਈ. ਪਵਨ ਕੁਮਾਰ ਨੂੰ ਗਿਰਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਕਥਿਤ ਰਿਸ਼ਵਤ ਦੇ 1 ਲੱਖ 5 ਹਜਾਰ ਰੁਪਏ ਵੀ ਬਰਾਮਦ ਕਰ ਲਏ ਸੀ। ਜਦੋਂ ਕਿ SHO ਬਲਜੀਤ ਸਿੰਘ ਉਦੋਂ ਤੋਂ ਹੀ ਫਰਾਰ ਹੈ।