Deputy Secretary convicted of sexual : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਸੈਕਸੁਅਲ ਹਰਾਸਮੈਂਟ ਦੇ ਦੋਸ਼ੀ ਪਾਏ ਗਏ ਪੰਜਾਬ ਸਿਵਲ ਸਕੱਤਰੇਤ ਵਿਚ ਬਤੌਰ ਉਪ ਸਕੱਤਰ (ਪਰਖਕਾਲ ਅਧੀਨ) ਵਜੋਂ ਤਾਇਨਾਤ ਕ੍ਰਿਸ਼ਨ ਕੁਮਾਰ ਸਿੰਗਲਾ ਨੂੰ ਸਰਕਾਰੀ ਸੇਵਾਵਾਂ ਤੋਂ ਜਬਰੀ ਹਟਾਉਂਦੇ ਹੋਏ ਰਿਟਾਇਰ ਕਰ ਦਿੱਤਾ ਗਿਆ ਹੈ। ਉਪ ਸਕੱਤਰ 1 ਸਤੰਬਰ 2019 ਤੋਂ ਪਹਿਲੇ ਸਾਲ ਦੇ ਸੇਵਾਕਾਲ ਦੇ ਵਾਧੇ ’ਤੇ ਚਲ ਰਿਹਾ ਸੀ। ਉਸ ਵਿਰੁੱਧ ਆਪਣੇ ਅਧੀਨ ਕੰਮ ਕਰ ਰਹੀ ਇਕ ਮਹਿਲਾ ਸੀਨੀਅਰ ਸਹਾਇਕ ਵੱਲੋਂ ਸੈਕਸੁਅਲ ਹਰਾਸਮੈਂਟ ਦੇ ਦੋਸ਼ ਲਗਾਏ ਗਏ ਸਨ। ਮਹਿਲਾ ਮੁਲਾਜ਼ਮ ਦੀ ਕੀਤੀ ਗਈ ਸ਼ਿਕਾਇਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ’ਤੇ ਕਾਰਵਾਈ ਕਰਦਿਆਂ ਉਪ ਸਕੱਤਰ ਨੂੰ ਉਸ ਦੀਆਂ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਮਹਿਲਾ ਮੁਲਾਜ਼ਮ ਵੱਲੋਂ ਲਗਾਏ ਗਏ ਸ਼ਿਕਾਇਤ ’ਤੇ ਇਸ ਮਾਮਲੇ ਦੀ ਜਾਂਚ-ਪੜਤਾਲ ਇੰਟਰਨਲ ਕੰਪਲੇਂਟ ਕਮੇਟੀ ਅਗੇਂਸਟ ਸੈਕਸੁਅਲ ਹਰਾਸਮੈਂਟ ਆਫ ਵੁਮੈਨ ਨੂੰ ਸੌਂਪੀ ਗਈ ਸੀ। ਕਮੇਟੀ ਵੱਲੋਂ 3 ਮਾਰਚ 2020 ਨੂੰ ਸਕੱਤਰੇਤ ਪ੍ਰਸ਼ਾਸਨ ਵਿਚ ਇਸ ਸਬੰਧੀ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿਚ ਸਬੰਧਤ ਮਹਿਲਾ ਸੀਨੀਅਰ ਸਹਾਇਕ ਵੱਲੋਂ ਉਪ ਸਕੱਤਰ ਵਿਰੁੱਧ ਲਗਾਏ ਗਏ ਦੋਸ਼ ਸਹੀ ਦੱਸੇ ਗਏ ਸਨ।
ਕਮੇਟੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦਾ ਗੰਭੀਰ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਜਬਰੀ ਰਿਟਾਇਰ ਕਰਨ ਦੇ ਹੁਕਮ ਦਿੱਤੇ। ਇਨ੍ਹਾਂ ਹੁਕਮਾਂ ’ਤੇ ਕਾਰਵਾਈ ਕਰਦੇ ਹੋਏ ਸਕੱਤਰੇਤ ਪ੍ਰਸ਼ਾਸਨ ਵੱਲੋਂ ਉਪ ਸਕੱਤਰ ਕ੍ਰਿਸ਼ਨ ਸਿੰਗਲਾ ਨੂੰ ਜਬਰੀ ਸੇਵਾਵਾਂ ਤੋਂ ਹਟਾ ਦਿੱਤਾ ਗਿਆ।