14 arrested for smoking : ਜਲੰਧਰ ’ਚ ਪੁਲਿਸ ਨੇ ਬੁੱਧਵਾਰ ਰਾਤ ਨੂੰ ਇਕ ਰੈਸੋਰੈਂਟ ’ਤੇ ਰੇਡ ਮਾਰ ਕੇ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਹੁੱਕਾ ਪੀਣ ਵਾਲਿਆਂ ਤੋਂ ਇਲਾਵਾ ਰੈਸਟੋਰੈਂਟ ਦੇ ਮੁਲਾਜ਼ਮ ਤੇ ਮਾਲਿਕ ਵੀ ਸ਼ਾਮਲ ਹਨ। ਇਸ ਦੌਰਾਨ ਪੁਲਿਸ ਨੂੰ ਭਾਰੀ ਮਾਤਰਾ ਵਿਚ ਹੁੱਕੇ ਲਈ ਇਸਤੇਮਾਲ ਕੀਤਾ ਜਾਣ ਵਾਲਾ ਸਾਮਾਨ ਵੀ ਬਰਾਮਦ ਹੋਇਆ ਹੈ। ਏਸੀਪੀ ਮਾਡਲ ਟਾਊਨ ਹਰਿੰਦਰ ਸਿੰਘ ਦੀ ਅਗਵਾਈ ਵਿਚ ਥਾਣਾ 7 ਦੇ ਐਸਐਚਓ ਕਮਲਜੀਤ ਤੇ ਉਨ੍ਹਾਂ ਦੀ ਟੀਮ ਨੇ ਬੀਤੀ ਦੇਰ ਸ਼ਾਮ ਅਰਬਨ ਸਟੇਟ ਦੇ ਬਜ ਰੈਸਟੋਰੈਂਟ ਵਿਚ ਰੇਡ ਕੀਤੀ।
ਹਾਲਾਂਕਿ ਹੈਰਾਨੀ ਵਾਲੀ ਗੱਲ ਹੈ ਕਿ ਫੜੇ ਗਏ ਇਨ੍ਹਾਂ ਦੋਸ਼ੀਆਂ ਦੀ ਕੋਈ ਵੀ ਜਾਣਕਾਰੀ ਪੁਲਿਸ ਵੱਲੋਂ ਨਹੀਂ ਨਹੀਂ ਦਿੱਤੀ ਜਾ ਰਹੀ। ਐਸਐਚਓ ਤੋਂ ਲੈ ਕੇ ਹੋਰ ਸਾਰੇ ਪੁਲਿਸ ਮੁਲਾਜ਼ਮ ਫੋਨ ਕਰਨ ’ਤੇ ਇਕੋ ਗੱਲ ਕਹਿੰਦੇ ਹਨ ਕਿ ਥੋੜ੍ਹੀ ਦੇਰ ਬਾਅਦ ਦੱਸਦੇ ਹਾਂ ਪਰ ਬਾਅਦ ਵਿਚ ਵੀ ਪੁਲਿਸ ਅਧਿਕਾਰੀ ਫੜੇ ਗਏ ਦੋਸ਼ੀਆਂ ਬਾਰੇ ਜਾਣਕਾਰੀ ਲੁਕਾਉਣ ਦੀ ਕੋਸ਼ਿਸ਼ ਕਰਦੇਰਹੇ। ਮਾਮਲਾ ਦਰਜ ਕਰਨ ਤੋੰ ਬਾਅਦ ਹੁੱਕਾ ਪੀਂਦੇ ਅਤੇ ਪਿਲਾਉਂਦੇ ਫੜੇ ਗਏ ਦੋਸ਼ੀਆਂ ਨੂੰ ਪੁਲਿਸ ਜ਼ਮਾਨਤ ਦੇ ਕੇ ਛੱਡਣ ਦੀ ਜਲਦਬਾਜ਼ੀ ਵਿਚ ਹੀ ਨਜ਼ਰ ਆਈ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਕਮਿਸ਼ਨਰੇਟ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ ਕਿ ਆਖਿਰ ਉਥੇ ਅਜਿਹਾ ਕਿਹੜਾ ਸ਼ਖਸ ਫੜਿਆ ਗਿਆ ਸੀ, ਜਿਸ ਬਾਰੇ ਪੁਲਿਸ ਗੱਲ ਕਰਨ ਤੋਂ ਕਤਰਾਉਂਦੀ ਰਹੀ। ਚਰਚਾ ਇਹ ਵੀ ਹੈ ਕਿ ਇਸ ਇਲਾਕੇ ਵਿਚ ਪੁਲਿਸ ਵੱਲੋਂ ਇਹ ਕਾਰਵਾਈ ਸਿਰਫ ਡਰਾਵਾ ਦੇਣ ਲਈ ਖਾਨਾਪੂਰਤੀ ਦੇ ਨਾਂ ’ਤੇ ਹੀ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ ਵੀ ਇਹ ਗੈਰ-ਕਾਨੂੰਨੀ ਕੰਮ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ।