smart india hackathon 2020: ਨਵੀਂ ਦਿੱਲੀ: ਦੇਸ਼ ਵਿੱਚ ਸੂਚਨਾ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ‘ਸਮਾਰਟ ਇੰਡੀਆ ਹੈਕਾਥਨ 2020’ ਦਾ ਸ਼ਾਨਦਾਰ ਫਾਈਨਲ ਸ਼ਨੀਵਾਰ 1 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। 3 ਅਗਸਤ ਤੱਕ ਚੱਲਣ ਵਾਲਾ ਇਹ ਹੈਕਾਥਨ ਵਿਸ਼ਵ ਵਿੱਚ ਇਸ ਕਿਸਮ ਦਾ ਸਭ ਤੋਂ ਵੱਡਾ ਇਵੇੰਟ ਹੈ। ਇਹ ਸਮਾਗਮ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਨਾਲ ਸ਼ੁਰੂ ਹੋਵੇਗਾ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀ ਇੱਕ ਸੰਸਥਾ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.), ਪਰਸੈਂਟਿਸਟ ਸਿਸਟਮਸ ਅਤੇ ਆਈ 4 ਸੀ, ਇਸ ਹੈਕਾਥਨ ਦਾ ਆਯੋਜਨ ਕਰ ਰਹੀ ਹੈ। ਇਸ ਵਾਰ ਇਸ ਮੁਕਾਬਲੇ ਵਿੱਚ 10 ਹਜ਼ਾਰ ਭਾਗੀਦਾਰ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁਕਾਬਲੇ ਦੀ ਸ਼ੁਰੂਆਤ ਤੋਂ ਪਹਿਲਾਂ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਸਾਰੇ ਭਾਗੀਦਾਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਦੇਸ਼ ਵਿੱਚ ਤਕਨਾਲੋਜੀ ਦੇ ਖੇਤਰ ‘ਚ ਨਵੀਨਤਾ ਨੂੰ ਉਤਸਾਹਿਤ ਕਰਨ ਲਈ, ਕੇਂਦਰ ਸਰਕਾਰ ਸਾਲ 2017 ਤੋਂ ਇਸ ਹੈਕਾਥਨ ਦਾ ਆਯੋਜਨ ਕਰ ਰਹੀ ਹੈ।
ਇਹ ਹੈਕਾਥਨ ਕੇਂਦਰ ਸਰਕਾਰ ਦੇ ਕੰਮਕਾਜ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਟੀਚੇ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਦਾ ਕਹਿਣਾ ਹੈ ਕਿ ਇਹ ਯਤਨ ਕੇਂਦਰ ਸਰਕਾਰ ਲਈ ਬਹੁਤ ਸਫਲ ਰਿਹਾ ਹੈ ਅਤੇ 2017 ‘ਚ ਪਹਿਲੀ ਵਾਰ ਇਸ ਵਿੱਚ 42 ਹਜ਼ਾਰ ਵਿਦਿਆਰਥੀਆਂ ਨੇ ਹਿੱਸਾ ਲਿਆ, ਜੋ ਇਸ ਸਾਲ ਵੱਧ ਕੇ ਸਾਡੇ 4 ਲੱਖ ਹੋ ਗਿਆ ਹੈ। ਇਸ ਵਾਰ ਕੋਰੋਨਾ ਮਹਾਂਮਾਰੀ ਦੇ ਕਾਰਨ, ਹੈਕਾਥਨ ਦਾ ਗ੍ਰੈਂਡ ਫਾਈਨਲ ਇੱਕ ਵਿਸ਼ੇਸ਼ ਆਨਲਾਈਨ ਪਲੇਟਫਾਰਮ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਕੇਂਦਰ ਸਰਕਾਰ ਦੇ 37 ਵਿਭਾਗਾਂ, 24 ਰਾਜ ਸਰਕਾਰਾਂ ਅਤੇ 20 ਵੱਖ-ਵੱਖ ਉਦਯੋਗਾਂ ਦੀਆਂ 243 ਸਮੱਸਿਆਵਾਂ ਇਸ ਹੈਕਾਥਨ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਸਾਹਮਣੇ ਰੱਖੀਆਂ ਗਈਆਂ ਹਨ। ਹੈਕਾਥਨ ‘ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਵੱਖ-ਵੱਖ ਵਿੱਤੀ ਪ੍ਰੋਤਸਾਹਨ ਦਿੱਤੇ ਜਾਣਗੇ। ਹਰ ਸਮੱਸਿਆ ਦੇ ਹੱਲ ਲਈ ਇੱਕ ਵਿਦਿਆਰਥੀ ਨੂੰ 1 ਲੱਖ ਰੁਪਏ, ਜਦੋਂਕਿ ਵਿਦਿਆਰਥੀ ਇਨੋਵੇਸ਼ਨ ਤਹਿਤ 1 ਲੱਖ ਰੁਪਏ ਪਹਿਲਾ ਇਨਾਮ, 75 ਹਜ਼ਾਰ ਰੁਪਏ ਦੂਜਾ ਇਨਾਮ ਦੇ ਤਹਿਤ ਅਤੇ ਤੀਜੇ ਇਨਾਮ ਦੇ ਤਹਿਤ 50 ਹਜ਼ਾਰ ਰੁਪਏ ਦਿੱਤੇ ਜਾਣਗੇ।