WHO says 0.6% of all patients: ਪੂਰੀ ਦੁਨੀਆ ਵਿੱਚ ਕੋਰੋਨਾ ਦਾ ਕਹਿਰ ਤਬਾਹੀ ਮਚਾ ਰਿਹਾ ਹੈ। ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਮਹਾਂਮਾਰੀ ਵਿਗਿਆਨੀ ਨੇ ਕਿਹਾ ਹੈ ਕਿ ਕੋਰੋਨਾ ਸੰਕਰਮਿਤ ਲੋਕਾਂ ਵਿੱਚ ਮੌਤ ਦਰ 0.6 ਪ੍ਰਤੀਸ਼ਤ ਹੈ। ਮਹਾਂਮਾਰੀ ਵਿਗਿਆਨੀ ਡਾ.ਮਾਰੀਆ ਵੈਨ ਕੇਰਖੋਵ ਨੇ ਕਿਹਾ ਕਿ ਇਹ ਮੁਲਾਂਕਣ ਕੁਝ ਅਧਿਐਨਾਂ ਵਿੱਚ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਭਾਵੇਂ ਇਹ ਬਹੁਤ ਜ਼ਿਆਦਾ ਨਹੀਂ ਲੱਗ ਰਿਹਾ, ਪਰ ਇਹ ਬਹੁਤ ਜ਼ਿਆਦਾ ਹੈ। ਕਿਉਂਕਿ ਹਰ 167 ਵਿਅਕਤੀਆਂ ਵਿਚੋਂ ਇੱਕ ਦੀ ਮੌਤ ਹੋ ਰਹੀ ਹੈ।
ਦੱਸ ਦੇਈਏ ਕਿ ਦਸੰਬਰ ਵਿੱਚ ਚੀਨ ਦੇ ਵੁਹਾਨ ਤੋਂ ਮਹਾਂਮਾਰੀ ਫੈਲਣ ਤੋਂ ਬਾਅਦ ਹੁਣ ਤੱਕ ਵਿਸ਼ਵ ਵਿੱਚ 6.9 ਲੱਖ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ । ਉੱਥੇ ਹੀ ਮੌਤ ਦਰ ਦਾ ਨਵਾਂ ਮੁਲਾਂਕਣ ਇਹ ਵੀ ਦਰਸਾਉਂਦਾ ਹੈ ਕਿ ਵਿਸ਼ਵ ਵਿੱਚ ਹੁਣ ਤੱਕ 11.5 ਕਰੋੜ ਲੋਕ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ। ਇਹ ਮੌਜੂਦਾ ਪੁਸ਼ਟੀ ਹੋਏ ਮਾਮਲਿਆਂ ਨਾਲੋਂ 7 ਗੁਣਾ ਜ਼ਿਆਦਾ ਹੈ। ਇਹ ਸਮਝਿਆ ਜਾ ਰਿਹਾ ਹੈ ਕਿ ਦੁਨੀਆ ਵਿੱਚ ਲੱਖਾਂ ਲੋਕ ਅਜਿਹੇ ਹਨ ਜੋ ਕੋਰੋਨਾ ਨਾਲ ਪੀੜਤ ਹੋਏ ਹਨ ਪਰ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਗਈ। ਖ਼ਾਸਕਰ ਮਹਾਂਮਾਰੀ ਦੇ ਮੁੱਢਲੇ ਦਿਨਾਂ ਵਿੱਚ ਬਹੁਤ ਸਾਰੇ ਦੇਸ਼ਾਂ ਵਿੱਚ ਟੈਸਟਿੰਗ ਦੀ ਸਮਰੱਥਾ ਘੱਟ ਸੀ।
ਉੱਥੇ ਹੀ WHO ਦੀ ਤਕਨੀਕੀ ਲੀਡ ਡਾ.ਮਾਰੀਆ ਵੈਨ ਕੇਰਖੋਵ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮੌਤ ਦਰ ਦਾ ਪਤਾ ਲਗਾਉਣ ਲਈ ਵਿਗਿਆਨੀਆਂ ਦੀਆਂ ਬਹੁਤ ਸਾਰੀਆਂ ਟੀਮਾਂ ਕੰਮ ਕਰ ਰਹੀਆਂ ਹਨ। ਮਾਰੀਆ ਨੇ ਇਹ ਵੀ ਕਿਹਾ ਕਿ ਇਸ ਸਮੇਂ ਸਾਨੂੰ ਨਹੀਂ ਪਤਾ ਹੈ ਕਿ ਅਸਲ ਵਿੱਚ ਕਿੰਨੇ ਲੋਕ ਸੰਕਰਮਿਤ ਹੋਏ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਕੁਝ ਅਧਿਐਨਾਂ ਵਿੱਚ ਸੰਕਰਮਿਤ ਲੋਕਾਂ ਦੀ ਮੌਤ ਦਰ ਦਾ ਅਨੁਮਾਨ 0.6 ਪ੍ਰਤੀਸ਼ਤ ਕੀਤਾ ਗਿਆ ਹੈ। ਕੁਝ ਪਹਿਲੇ ਮੁਲਾਂਕਣਾਂ ਵਿੱਚ ਸੰਕਰਮਿਤ ਲੋਕਾਂ ਵਿੱਚ ਮੌਤ ਦਰ 0.8 ਪ੍ਰਤੀਸ਼ਤ ਸੀ। ਉੱਥੇ ਹੀ ਕੈਮਬ੍ਰਿਜ ਯੂਨੀਵਰਸਿਟੀ ਦੇ ਅਕਾਦਮਿਕਾਂ ਦਾ ਮੰਨਣਾ ਹੈ ਕਿ ਇਹ ਦਰ 1.4 ਪ੍ਰਤੀਸ਼ਤ ਹੋ ਸਕਦੀ ਹੈ।