Russia claims to be ahead: ਰੂਸ ਅਕਤੂਬਰ ਵਿੱਚ ਆਪਣੇ ਦੇਸ਼ ਵਿੱਚ ਵੱਡੇ ਪੱਧਰ ‘ਤੇ ਕੋਰੋਨਾ ਵਾਇਰਸ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ । ਰੂਸ ਜੋ ਦਾਅਵਾ ਕਰ ਰਿਹਾ ਹੈ ਇਸਦਾ ਮਤਲਬ ਹੈ ਕਿ ਉਹ ਅਮਰੀਕਾ, ਬ੍ਰਿਟੇਨ ਅਤੇ ਚੀਨ ਤੋਂ ਵੈਕਸੀਨ ਬਣਾਉਣ ਵਿੱਚ ਅੱਗੇ ਵੱਧ ਗਿਆ ਹੈ। ਹਾਲਾਂਕਿ, ਰੂਸ ਦੇ ਦਾਅਵੇ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਜੇ ਰੂਸੀ ਕੋਰੋਨਾ ਵੈਕਸੀਨ ਸਭ ਤੋਂ ਪਹਿਲਾਂ ਸਫਲ ਸਾਬਿਤ ਹੁੰਦੀ ਹੈ ਤਾਂ ਭਾਰਤ ਨੂੰ ਵੀ ਇਸਦੀ ਸਪਲਾਈ ਮਿਲ ਸਕਦੀ ਹੈ।
ਇੱਕ ਰਿਪੋਰਟ ਅਨੁਸਾਰ ਰੂਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ 10 ਅਗਸਤ ਤੱਕ ਮੁੱਖ ਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਗੱਲ ਕਹੀ ਹੈ। ਉਨ੍ਹਾਂ ਦਾ ਇਰਾਦਾ ਭਾਰਤ, ਬ੍ਰਾਜ਼ੀਲ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਨਾਲ ਵੈਕਸੀਨ ਦੀ ਵਿਕਰੀ ਦੀ ਡੀਲ ਕਰਨ ਦਾ ਵੀ ਹੈ। ਰੂਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤ ਸਣੇ ਇਨ੍ਹਾਂ ਦੇਸ਼ਾਂ ਨੇ ਉਨ੍ਹਾਂ ਦੀ ਵੈਕਸੀਨ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ।
ਰੂਸ ਦਾ ਕਹਿਣਾ ਹੈ ਕਿ ਉਹ ਅਗਲੇ ਮਹੀਨੇ ਯਾਨੀ ਸਤੰਬਰ ਵਿੱਚ ਵੈਕਸੀਨ ਦਾ ਉਤਪਾਦਨ ਸ਼ੁਰੂ ਕਰੇਗਾ ਅਤੇ ਅਕਤੂਬਰ ਤੋਂ ਦੇਸ਼ ਵਿੱਚ ਵੱਡੇ ਪੱਧਰ ‘ਤੇ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਹੋ ਜਾਵੇਗੀ । ਖਾਸ ਗੱਲ ਇਹ ਹੈ ਕਿ ਵੈਕਸੀਨ ਟ੍ਰਾਇਲ ਨੂੰ ਤੇਜ਼ ਕਰਨ ਲਈ ਰੂਸ ਵਿੱਚ ਖੋਜਕਰਤਾਵਾਂ ਨੇ ਆਪਣੇ ਆਪ ਨੂੰ ਵੀ ਵੈਕਸੀਨ ਲਗਵਾ ਲਈ ਸੀ। ਉੱਥੇ ਹੀ ਦੂਜੇ ਪਾਸੇ ਅਮਰੀਕਾ-ਬ੍ਰਿਟੇਨ ਦੀ ਕੋਰੋਨਾ ਵੈਕਸੀਨ ਟ੍ਰਾਇਲ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਕਾਸ਼ਤ ਕੀਤੀ ਗਈ ਹੈ, ਪਰ ਰੂਸੀ ਵੈਕਸੀਨ ਬਾਰੇ ਸੀਮਤ ਜਾਣਕਾਰੀ ਸਾਹਮਣੇ ਆਈ ਹੈ।
ਇਸ ਸਬੰਧੀ ਰੂਸ ਦੇ ਵਪਾਰ ਮੰਤਰੀ ਡੈਨਿਸ ਮੰਤੂਰੋਵ ਨੇ ਕਿਹਾ ਹੈ ਕਿ ਰੂਸ ਇੱਕ ਮਹੀਨੇ ਵਿੱਚ ਵੈਕਸੀਨ ਦੀਆਂ ਲੱਖਾਂ ਖੁਰਾਕਾਂ ਦਾ ਉਤਪਾਦਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ ਕੰਪਨੀ ਰੂਸ ਵਿੱਚ ਤਿੰਨ ਥਾਵਾਂ ‘ਤੇ ਉਤਪਾਦਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਰੂਸ ਦੇ ਸਿਹਤ ਮੰਤਰੀ ਮਿਖੈਲ ਮੁਰਾਸ਼ਕੋ ਨੇ ਕਿਹਾ ਸੀ ਕਿ ਕਲੀਨਿਕਲ ਟ੍ਰਾਇਲ ਪੂਰਾ ਹੋ ਚੁੱਕਿਆ ਹੈ ਅਤੇ ਹੁਣ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ।