Danger of attack by locusts : ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕਹਿਰ ਵਰ੍ਹਾ ਚੁੱਕੇ ਟਿੱਡੀ ਦਲ ਨੂੰ ਲੈ ਕੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (FAO) ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ 1 ਤੋਂ 6 ਅਗਸਤ ਦੌਰਾਨ ਹਮਲੇ ਦੀ ਸਥਿਤੀ ਦੀ ਚਿਤਾਵਨੀ ਜਾਰੀ ਕੀਤੀ ਹੈ। FAO ਦਾ ਕਹਿਣਾ ਹੈ ਕਿ ਪਾਕਿਸਤਾਨ ਤੇ ਰਾਜਸਥਾਨ ਵਿਚ ਟਿੱਡੀ ਦਲ ਪੰਜਾਬ ਨਾਲ ਆਉਣ ਵਾਲੇ ਤਿੰਨ ਦਿਨਾਂ ਵਿਚ ਹਵਾ ਦੀ ਦਿਸ਼ਾ ਨਾਲ ਦਾਖਲ ਹੋ ਸਕਦਾ ਹੈ।
ਇਸ ਵਿਚ ਫਿਰੋਜ਼ਪੁਰ ਜ਼ਿਲ੍ਹੇ ਨੂੰ ਸਭ ਤੋਂ ਪਹਿਲਾਂ ਖਤਰੇ ਦੀ ਸੂਚੀ ਵਿਚ ਰਖਿਆ ਗਿਆ ਹੈ, ਜਦਕਿ ਜਲੰਧਰ, ਕਪੂਰਥਲਾ, ਮਾਨਸਾ, ਮੋਗਾ ਅਤੇ ਤਰਨਤਾਰਨ ਜ਼ਿਲ੍ਹੇ ਵਿਚ ਟਿੱਡੀ ਦਲ ਦਾ ਹਮਲਾ ਹੋ ਸਕਦਾ ਹੈ, ਜੋਕਿ ਸਬਜ਼ੀਆਂ, ਫਸਲਾਂ ਅਤੇ ਫਲਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਸਕਦਾ ਹੈ। ਇਸੇ ਦੇ ਨਾਲ ਅੰਮ੍ਰਿਤਸਰ, ਫਾਜ਼ਿਲਕਾ, ਲੁਧਿਆਣਾ, ਸੰਗਰੂਰ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਬਰਨਾਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਵੀ ਫਰੀਦਕੋਟ, ਫਾਜ਼ਿਲਕਾ ਤੇ ਬਠਿੰਡਾ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਦੱਸਣਯੋਗ ਹੈ ਪਾਕਿਸਤਾਨ ਅਤੇ ਰਾਜਸਥਾਨ ਸਰਹੱਦ ਨਾਲ ਲੱਗੇ ਹੋਣ ਕਰਕੇ ਰੀਜਨਲ ਰਿਮੋਟ ਸੈਂਸਿੰਗ ਸੈਂਟਰ ਨੇ ਪੰਜਾਬ ਨੂੰ ਵੀ ਇਸ ਦੇ ਖਤਰੇ ਦੀ ਸੂਚੀ ਵਿਚ ਪਾਇਆ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ ਪਹਿਲਾਂ ਵੀ ਕਈ ਪਿੰਡਾਂ ਵਿਚ ਟਿੱਡੀਆਂ ਨੂੰ ਦੇਖਿਆ ਵੀ ਗਿਆ ਹੈ।