Vigilance nabs bribe : ਚੰਡੀਗੜ੍ਹ : ਪੰਜਾਬ ਵਿਜਲੈਂਸ ਬਿਊਰੋ ਨੇ ਬੀਤੇ ਦਿਨ ਥਾਣਾ ਜਮਾਲਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ASI ਜਸਵਿੰਦਰ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਮੌਕੇ ‘ਤੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਏਐਸਆਈ ਖਿਲਾਫ ਸ਼ਿਕਾਇਤ ਕਰਤਾ ਜਮਾਲਪੁਰ ਨਿਵਾਸੀ ਅਜੇ ਤਿਵਾੜੀ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ‘ਤੇ ਕਾਰਵਾਈ ਕਰਦੇ ਹੋਏ ਏਐਸਆਈ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਅਜੇ ਤਿਵਾੜੀ ਨੇ ਵਿਜੀਲੈਂਸ ਬਿਊਰੋ ਵਿਚ ਦਰਜ ਕਰਵਾਈ ਗਈ ਆਪਣੀ ਸ਼ਿਕਾਇਤ ਵਿਚ ਦੱਸਿਆ ਸੀਕਿ ਇਕ ਪੁਲਿਸ ਕੇਸ ਵਿਚ ਉਸ ਨੂੰ ਬਰੀ ਕਰਵਾਉਣ ਵਿਚ ਮਦਦ ਕਰਨ ਬਦਲੇ ਉਕਤ ਏਐਸਆਈ ਵੱਲੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਪਰ ਇਹ ਸੌਦਾ ਫਿਰ 20 ਹਜ਼ਾਰ ਰੁਪਏ ਵਿਚ ਤੈਅ ਹੋਇਆ।
ਵਿਜੀਲੈਂਸ ਨੇ ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਉਕਤ ਦੋਸ਼ੀ ਏਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਪਹਿਲੀ ਕਿਸ਼ਤ ਦੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਵਿਜਲੀਐਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।