65 parks will be set : ਫਿਰੋਜ਼ਪੁਰ ‘ਚ ਪੰਚਾਇਤ ਅਤੇ ਵਿਕਾਸ ਵਿਭਾਗ ਵੱਲੋਂ ਪੇਂਡੂ ਖੇਤਰਾਂ ਵਿਚ ਵੱਸਦੇ ਲੋਕਾਂ ਨੂੰ ਉਨ੍ਹਾਂ ਦੀ ਸਿਹਤ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਚਲਾਈ ਮੁਹਿੰਮ ਅਧੀਨ ਜ਼ਿਲ੍ਹੇ ਦੇ ਸਾਰੇ ਛੇ ਬਲਾਕਾਂ ਵਿਚ 65 ਪਾਰਕਾਂ ਦਾ ਵਿਕਾਸ ਕੀਤੇ ਜਾਣਗੇ ਤਾਂ ਜੋ ਪੇਂਡੂ ਖੇਤਰਾਂ ਵਿਚ ਵੱਸਦੇ ਲੋਕਾਂ ਨੂੰ ਕੋਵਿਡ -19 ਦੀਆਂ ਪਾਬੰਦੀਆਂ ਦੌਰਾਨ ਬਾਹਰੀ ਮਨੋਰੰਜਨ ਦੇ ਨਾਲ ਭਾਵਨਾਤਮਕ ਅਤੇ ਸਰੀਰਕ ਤੰਦਰੁਸਤੀ ਵੀ ਮਿਲ ਸਕੇ। ਦੱਸਣਯੋਗ ਹੈ ਕਿ ਇਨ੍ਹਾਂ ਵਿਚੋਂ15 ਪਾਰਕ ਘੱਲ ਖੁਰਦ ਬਲਾਕ ‘ਚ ਅਤੇ 10-10 ਪਾਰਕ ਗੁਰੂਹਰਸਹਾਏ, ਜ਼ੀਰਾ, ਫਿਰੋਜ਼ਪੁਰ, ਮੱਖੂ ਅਤੇ ਮਮਦੋਟ ਵਿਚ ਲਗਾਏ ਜਾਣਗੇ। ਇਹ ਸਾਰੇ ਪਾਰਕ ਐਮਜੀ-ਨਰੇਗਾ- ਮਹਾਤਮਾ ਗਾਂਧੀ ਨੈਸ਼ਨਲ ਰੂਰਲ ਰੁਜ਼ਗਾਰ ਗਰੰਟੀ ਐਕਟ ਦੇ ਅਧੀਨ ਵਿਕਸਤ ਕੀਤੇ ਜਾਣਗੇ, ਜਿਸ ਦੇ ਲਈ 29 ਥਾਵਾਂ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਇਹ ਜਾਣਕਾਰੀ ਰਵੀਪਾਲ ਸਿੰਘ ਸੰਧੂ ਏ.ਡੀ.ਸੀ. (ਵਿਕਾਸ) ਨੇ ਦਿੱਤੀ।
ਡੀਡੀਪੀਓ ਹਰਜਿੰਦਰ ਸਿੰਘ ਨੇ ਕਿਹਾ ਪਾਰਕਾਂ ਕੋਵਿਡ-19 ਮਹਾਮਾਰੀ ਦੌਰਾਨ ਇਹ ਪਾਰਕ ਸਮੇਂ ਦੀ ਜ਼ਰੂਰਤ ਹਨ, ਜਦੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ। ਇਸ ਦੇ ਨਾਲ ਹੀ ਇਸ ਮੁਹਿੰਮ ਨਾਲ ਐਮ.ਜੀ.-ਨਰੇਗਾ ਸਕੀਮ ਅਧੀਨ ਪਿੰਡਾਂ ਵਿੱਚ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰੁਜ਼ਗਾਰ ਦੇ ਅਵਸਰ ਮੁਹੱਈਆ ਹੋਣਗੇ। ਦੱਸਣਯੋਗ ਹੈ ਕਿ ਅਜਿਹਾ ਪਹਿਲਾ ਪਾਰਕ ਮਮਦੋਟ ਵਿਖੇ 26.45 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਜੋਕਿ ਲੋਕਾਂ ਨੂੰ ਸਮਰਪਿਤ ਹੈ। ਇਥੇ ਲੋਕ ਵੱਡੀ ਗਿਣਤੀ ਵਿਚ ਸਵੇਰ ਦੀ ਸੈਰ ਲਈ ਨਿਯਮਤ ਤੌਰ ‘ਤੇ ਜਾਂਦੇ ਹਨ।
ਇਨ੍ਹਾਂ ਪਾਰਕਾਂ ਨੂੰ ਬਣਾਉਣ ਦਾ ਮਕਸਦ ਕੋਵਿਡ-19 ਮਹਾਮਾਰੀ ਦੌਰਾਨ ਲੱਗੀਆਂ ਪਾਬੰਦੀਆਂ ਦੌਰਾਨ ਪੇਂਡੂ ਖੇਤਰ ਦੇ ਲੋਕਾਂ ਨੂੰ ਕੁਦਰਤ ਦੇ ਨੇੜੇ ਲਿਆਉਣਾ ਅਤੇ ਉਨ੍ਹਾਂ ਦੀ ਸਿਹਤ ਪ੍ਰਤੀ ਵਧੇਰੇ ਜਾਗਰੂਕ ਕਰਨਾ ਹੈ। ਇਨ੍ਹਾਂ ਪਾਰਕਾਂ ਦਾ ਵਿਕਾਸ ਪੇਂਡੂ ਖੇਤਰਾਂ ਦੇ ਸੁੰਦਰੀਕਰਨ ਵਿੱਚ ਇੱਕ ਮੀਲ ਪੱਥਰ ਸਾਬਤ ਹੋਏਗਾ।