Murder cases should be : ਪੰਜਾਬ ਵਿਚ ਜ਼ਹਿਰੀਲੀ ਸਰਾਬ ਨਾਲ 100 ਤੋਂ ਵੱਧ ਹੋਈਆਂ ਮੌਤਾਂ ਦੇ ਮਾਮਲੇ ਵਿਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਵਿਚ ਕਿਸੇ ਵੀ ਸਿਆਸੀ ਦਖਲਅੰਦਾਜ਼ੀ ਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਡੀਜੀਪੀ ਨੂੰ ਇਸ ਘਟਨਾ ਵਿਚ ਸਿੱਧੇ ਤੌਰ ‘ਤੇ ਸ਼ਾਮਲ ਲੋਕਾਂ ਖਿਲਾਫ ਆਈਪੀਸੀ ਦੀ ਧਾਰਾ-302 ਅਧੀਨ ਕਤਲ ਦਾ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਘਟਨਾ ਨੂੰ ਵੱਡੀ ਤ੍ਰਾਸਦੀ ਦੱਸਦੇ ਹੋਏ ਪੀੜਤਾਂ ਲਈ ਇਨਸਾਫ ਦਾ ਵਾਅਦਾ ਕੀਤਾ ਨਾਲ ਹੀ ਨਕਲੀ ਤੇ ਨਾਜਾਇ਼ਜ਼ ਸ਼ਰਾਬ ਬਣਾਉਣ ਤੇ ਸਮੱਗਲਿੰਗ ਲਈ ਐਕਸਾਈਜ਼ ਐਕਟ ਵਿਚ ਸਜ਼ਾ ਵਧਾਉਣ ਦਾ ਵਿਚਾਰ ਪੇਸ਼ ਕੀਤਾ।
ਬੈਠਕ ਵਿਚ ਕਈ ਮੰਤਰੀਆਂ ਨੇ ਵਕੀਲ ਜਨਰਲ ਅਤੁਲ ਨੰਦਾ ਦੇ ਸੁਝਾਅ ‘ਤੇ ਸਹਿਮਤੀ ਪ੍ਰਗਟਾਈ ਕਿ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਵਰਗੇ ਸੰਗਠਿਤ ਅਪਰਾਧ ‘ਤੇ ਕਾਬੂ ਪਾਉਣ ਲਈ ਪਕੋਕਾ ਵਰਗਾ ਸਖਤ ਕਾਨੂੰਨ ਲਿਆਉਣ ਦੀ ਲੋੜ ਹੈ। ਪੁਲਿਸ ਨੇ 5ਵੇਂ 5,475 ਲਿਟਰ ਲਾਹਣ, 1024 ਬੋਤਲਾਂ ਸ਼ਰਾਬ, 2 ਚਾਲੂ ਭੱਠੀਆਂ ਸਣੇ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਮੋਗਾ, ਗੁਰਦਾਸਪੁਰ, ਫਾਜ਼ਿਲਕਾ, ਫਿਰੋਜ਼ਪੁਰ, ਪਟਿਆਲਾ ਜ਼ਿਲ੍ਹੇ ਵਿਚ ਰੇਡ ਕੀਤੀ, ਜਿਸ ਵਿਚ ਪਟਿਆਲਾ ਤੋਂ 12 ਤੇ ਮੋਗਾ ਤੋਂ 10 ਵਿਅਕਤੀ ਕਾਬੂ ਕੀਤੇ।
ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀਅਗਵਾਈ ਵਿਚ ਗਠਿਤ ਸਬ-ਕਮੇਟੀ ਨੂੰ ਪ੍ਰਸਤਾਵਿਤ ਕਾਨੂੰਨ ਦੇ ਉਪਬੰਧਾਂ ਨੂੰ ਜਾਂਚਣ ਅਤੇ ਆਖਰੀ ਰੂਪ ਦੇ ਕੇ ਰਿਪੋਰਟ ਛੇਤੀ ਤੋਂ ਛੇਤੀ ਸੌਂਪਣ ਲਈ ਕਿਹਾ ਹੈ। ਉਨ੍ਹਾਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਹੋਰ ਮੰਤਰੀਆਂ ਨਾਲ ਸਹਿਮਤੀ ਪ੍ਰਗਟਾਈ ਕਿ ਪਕੋਕਾ (ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ) ਨਾਲ ਗੰਭੀਰ ਅਪਰਾਧੀਆਂ ਨੂੰ ਕਾਬੂ ਕਰਨ ਵਿਚ ਮਦਦ ਮਿਲ ਸਕਦੀ ਹੈ ਅਤੇ ਗੈਂਗਸਟਰਾਂ ਨੂੰ ਰੋਕਣ ਵਿਚ ਸਹਾਇਕ ਸਿੱਧ ਹੋ ਸਕਦਾ ਹੈ ਜੋ ਜੇਲ੍ਹਾਂ ਤੋਂ ਵੀ ਸੰਗਠਿਤ ਅਪਰਾਧ ਵਿਚ ਸ਼ਾਮਲ ਰਹਿੰਦੇ ਹਨ ਅਤੇ ਅੱਤਵਾਦੀਆਂ ਨਾਲ ਵੀ ਨੇੜਲੇ ਸਬੰਧ ਰਖਦੇ ਹਨ।
ਕੈਬਨਿਟ ਨੇ ਘਟਨਾ ਦੀ ਜਾਂਚ ਵਿਚ ਤੇਜ਼ੀ ਲਿਆਉਣ ਨੂੰ ਐਸਆਈਟੀ ਦੀਆਂ 2 ਟੀਮਾਂ ਦਾ ਗਠਨ ਕੀਤਾ ਹੈ। ਦੋਵੇਂ ਐਸਆਈਟੀ ਦੀ ਜਾਂਚ ਦੀ ਦੇਖਰੇਖ ਲਾਅ ਐਂਡ ਆਰਡਰ ਦੇ ਏਡੀਜੀਪੀ ਈਸ਼ਵਰ ਸਿੰਘ ਕਰਨਗੇ। ਡੀਜੀਪੀ ਨੇ ਹਿਦਾਇਤਾਂ ਦਿੱਤੀਆਂ ਕਿ ਐਸਆਈਟੀ ਦੀ ਨਿਗਰਾਨੀ ਵਿਚ ਸੂਬੇ ਦੇ ਅੰਦਰ ਅਤੇ ਬਾਹਰ ਦੋਵੇਂ ਹਰ ਕਸਿਮ ਦੇ ਸਬੰਧਾਂ ਨੂੰ ਉਜਾਗਰ ਕਰਨ ਨੂੰ ਯਕੀਨੀ ਬਣਾਓ। ਕੈਪਟਨ ਨੇ ਕਿਹਾ ਕਿ ਪੀੜਤ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਉਨ੍ਹਾਂ ਨੇ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਪੀੜਤ ਪਰਿਵਾਰਾਂ ਦੀ ਪਛਾਣ ਕਰਨ ਅਤੇ ਨਿਰਧਾਰਿਤ ਵਾਧੂ ਰਾਹਤ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਦੀ ਖਾਤਿਰ ਦਸ ਦਿਨਾਂ ਦੀ ਸਮਾਂ ਹੱਦ ਤੈਅ ਕੀਤੀ ਹੈ। ਮੁੱਖ ਮੰਤਰੀ ਵੱਲੋਂ ਇਸ ਦੁਖਦਾਈ ਘਟਨਾ ਦਾ ਸ਼ਿਕਾਰ ਹੋਏ ਪ੍ਰਤੀ ਪੀੜਤ ਪਰਿਵਾਰ ਲਈ 2 ਲੱਖ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਘਟਨਾ ਵਿਚ ਹੁਣ ਤੱਕ 113 ਵਿਅਕਤੀਆਂ ਨੇ ਜਾਨ ਗੁਆਈ ਹੈ।