Pakistan Kashmir rally: ਪਾਕਿਸਤਾਨ ਦੇ ਕਰਾਚੀ ਵਿੱਚ ਬੁੱਧਵਾਰ ਨੂੰ ਕੱਢੀ ਗਈ ‘ਕਰਾਚੀ ਰੈਲੀ’ ‘ਤੇ ਇੱਕ ਗ੍ਰੇਨੇਡ ਹਮਲਾ ਹੋਇਆ, ਜਿਸ ਵਿੱਚ ਘੱਟੋ-ਘੱਟ 30 ਲੋਕ ਜ਼ਖਮੀ ਹੋ ਗਏ । ਦਰਅਸਲ, ਇਹ ਰੈਲੀ ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਉਣ ਵਿਰੁੱਧ ਕੱਢੀ ਗਈ ਸੀ। 5 ਅਗਸਤ ਨੂੰ ਇਸ ਦੀ ਪਹਿਲੀ ਵਰ੍ਹੇਗੰਢ ਸੀ ਜਿਸ ਦੇ ਵਿਰੁੱਧ ਕਰਾਚੀ ਵਿੱਚ ਇਹ ਰੈਲੀ ਕੱਢੀ ਗਈ ਸੀ।
ਇਸ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ । ਉਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ। ਕਰਾਚੀ ਦੇ ਇੱਕ ਸਿਹਤ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਇਸਦੀ ਜਾਣਕਾਰੀ ਦਿੱਤੀ। ਕਰਾਚੀ ਦੇ ਪੁਲਿਸ ਮੁਖੀ ਗੁਲਾਮ ਨਬੀ ਮੈਨਨ ਨੇ ਦੱਸਿਆ ਕਿ ਰੈਲੀ ‘ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਹਨ। ਇਸ ਹਮਲੇ ਦੀ ਜਿੰਮੇਵਾਰੀ ਸਿੰਧੁਦੇਸ਼ ਰੈਵੋਲਿਊਸ਼ਨਰੀ ਆਰਮੀ (SRA) ਨਾਮ ਦੀ ਸੰਸਥਾ ਨੇ ਲਈ ਹੈ। ਇਹ ਇੱਕ ਵੱਖਵਾਦੀ ਸੰਗਠਨ ਹੈ ਜੋ ਪਿਛਲੇ ਕੁਝ ਮਹੀਨਿਆਂ ਤੋਂ ਕਾਫ਼ੀ ਸਰਗਰਮ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੂਨ ਦੇ ਮਹੀਨੇ ਵਿੱਚ ਇਸ ਖੇਤਰ ਵਿੱਚ ਤਿੰਨ ਧਮਾਕੇ ਹੋਏ ਸਨ, ਜਿਸ ਦੀ ਜਿੰਮੇਦਾਰੀ ਐਸ.ਆਰ.ਏ. ਨੇ ਲਈ ਸੀ। ਇਸ ਵਿੱਚ 4 ਲੋਕਾਂ ਸਣੇ 2 ਜਵਾਨਾਂ ਦੀ ਜਾਨ ਚਲੀ ਗਈ ਸੀ । ਇਸ ਸੰਗਠਨ ਦੀ ਮੰਗ ਹੈ ਕਿ ਸਿੰਧ ਪ੍ਰਾਂਤ ਨੂੰ ਕਰਾਚੀ ਤੋਂ ਵੱਖ ਕੀਤਾ ਜਾਵੇ । ਇਸ ਸੂਬੇ ਦੀ ਰਾਜਧਾਨੀ ਕਰਾਚੀ ਹੈ । ਐਸਆਰਏ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨਾਲ ਗਠਜੋੜ ਕਰਨ ਦਾ ਐਲਾਨ ਵੀ ਕੀਤਾ ਹੈ ।