RBI introduce more security features: ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ(RBI) ਨੇ ਉੱਚ ਕੀਮਤ ਵਾਲੇ ਚੈੱਕ ਕਲੀਅਰਿੰਗ ਦੇ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ। RBI ਨੇ ਚੈੱਕ ਅਦਾਇਗੀ ਵਿੱਚ ਗਾਹਕਾਂ ਦੀ ਸੁਰੱਖਿਆ ਵਧਾਉਣ ਅਤੇ ਚੈੱਕ ਲੀਫ਼ ਛੇੜਛਾੜ ਕਾਰਨ ਹੋਣ ਵਾਲੀਆਂ ਧੋਖਾਧੜੀ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਇੱਕ ਨਵਾਂ ਸਿਸਟਮ ਪੇਸ਼ ਕੀਤਾ ਹੈ। RBI ਨੇ 50 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਦੇ ਸਾਰੇ ਚੈੱਕਾਂ ਲਈ Positive Pay System ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਸਿਸਟਮ ਦੇ ਤਹਿਤ ਚੈੱਕ ਜਾਰੀ ਕਰਨ ਸਮੇਂ ਉਸਦੇ ਗ੍ਰਾਹਕ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ‘ਤੇ ਚੈੱਕ ਦਾ ਭੁਗਤਾਨ ਕਰਨ ਲਈ ਬੈਂਕ ਨਾਲ ਸੰਪਰਕ ਕੀਤਾ ਜਾਵੇਗਾ।
ਦਰਅਸਲ, ਇਹ ਸਿਸਟਮ ਦੇਸ਼ ਵਿੱਚ ਜਾਰੀ ਕੀਤੇ ਗਏ ਕੁੱਲ ਚੈੱਕ ਦੀ ਵੋਲੀਅਮ ਅਤੇ ਵੈਲਿਊ ਦੇ ਅਧਾਰ ‘ਤੇ ਕ੍ਰਮਵਾਰ ਲਗਭਗ 20% ਅਤੇ 80% ਨੂੰ ਕਵਰ ਕਰੇਗਾ। RBI ਨੇ ਕਿਹਾ ਕਿ ਇਸ ਮੰਤਵ ਲਈ ਕਾਰਜਸ਼ੀਲ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ । Positive Pay System ਦੇ ਤਹਿਤ ਲਾਭਪਾਤਰੀ ਨੂੰ ਚੈੱਕ ਸੌਂਪਣ ਤੋਂ ਪਹਿਲਾਂ ਖਾਤਾਧਾਰਕ ਵੱਲੋਂ ਜਾਰੀ ਕੀਤੇ ਗਏ ਚੈੱਕ ਦਾ ਵੇਰਵਾ ਜਿਵੇਂ ਚੈੱਕ ਨੰਬਰ, ਚੈੱਕ ਮਿਤੀ, ਭੁਗਤਾਨ ਕਰਨ ਵਾਲੇ ਦਾ ਨਾਮ, ਖਾਤਾ ਨੰਬਰ, ਰਕਮ ਅਤੇ ਨਾਲ ਹੀ ਚੈੱਕ ਦੇ ਅਗਲੇ ਅਤੇ ਉਲਟ ਪਾਸੇ ਦੀ ਫੋਟੋ ਸਾਂਝੀ ਕਰਨੀ ਪਵੇਗੀ। ਜਦੋਂ ਲਾਭਪਾਤਰੀ ਚੈੱਕ ਨੂੰ ਇਨਕੈਸ਼ ਕਰਨ ਲਈ ਜਮ੍ਹਾ ਕਰੇਗਾ ਤਾਂ ਬੈਂਕ Positive Pay System ਰਾਹੀਂ ਪ੍ਰਦਾਨ ਕੀਤੇ ਚੈੱਕ ਵੇਰਵਿਆਂ ਦੀ ਤੁਲਨਾ ਕੀਤੀ ਜਾਵੇਗੀ। ਜੇ ਵੇਰਵੇ ਮੇਲ ਖਾਣਗੇ ਤਾਂ ਚੈੱਕ ਕਲੀਅਰ ਹੋ ਜਾਵੇਗਾ।
ਦੱਸ ਦੇਈਏ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ 6 ਮੈਂਬਰੀ ਮੁਦਰਾ ਨੀਤੀ ਕਮੇਟੀ ਨੇ ਵਿਆਜ ਦਰਾਂ ਬਾਰੇ ਫੈਸਲਾ ਦਿੱਤਾ ਹੈ। ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ । ਹਾਲਾਂਕਿ, ਇਸ ਸਾਲ ਦੀ ਗੱਲ ਕਰੀਏ ਤਾਂ ਤਾਲਾਬੰਦੀ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਨੇ 2 ਵਾਰ ਵਿਆਜ ਦਰਾਂ ਵਿੱਚ 1.15 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ।