BSF jawan dismissed : ਕੌਮਾਂਤਰੀ ਨਸ਼ਾ ਸਮੱਗਲਰਾਂ ਦਾ ਸਾਥ ਦੇਣ ਵਾਲੇ ਤਰਨਤਾਰਨ ਜ਼ਿਲ੍ਹੇ ਵਿਚ ਤਾਇਨਾਤ ਬੀਐਸਐਫ ਦੇ ਜਵਾਨ ਨੂੰ ਬੀਐਸਐਫ ਵੱਲੋਂ ਡਿਸਮਿਸ ਕਰ ਦਿੱਤਾ ਗਿਆ ਹੈ। 10 ਦਿਨ ਪਹਿਲਾਂ ਹੀ ਪਾਕਿ ਦੇ ਸਮਰਥਨ ਵਾਲੇ ਸਮੱਗਲਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਉਸ ਨੂੰ ਪੁਲਿਸ ਨੇ ਦੋ ਨਸ਼ਾ ਸਮੱਗਲਰਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਗ੍ਰਫਤਾਰ ਕੀਤਾ ਸੀ। ਦੋਸ਼ੀ ਦੀ ਪਛਾਣ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਵਿਚ ਰਾਵਲਾ ਮੰਡੀ ਦੇ ਰਜਿੰਦਰ ਪ੍ਰਸਾਦ ਵਜੋਂ ਹੋਈ ਹੈ। ਇਸ ਕਾਰਵਾਈ ਵਿਚ ਸਿਪਾਹੀ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਦੋਵੇਂ ਸਮੱਗਲਰਾਂ ਤੋਂ ਪੁਲਿਸ ਨੇ ਚਾਈਨਾਮੇਡ ਪਿਸਤੌਲ, 5 ਕਾਰਤੂਸ ਅਤੇ ਸਾਢੇ 24 ਲੱਖ ਰੁਪਏ ਡਰੱਗਮਨੀ ਵੀ ਬਰਾਮਦ ਕੀਤੀ ਸੀ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਸ ਬਾਰੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਿਸ ਨੇ 26 ਜੁਲਾਈ ਨੂੰ ਵਰਨਾ ਕਾਰ ਵਿਚ ਦਿੱਲੀ ਤੋਂ ਆ ਰਹੇ ਸੁਰਮੇਲ ਸਿੰਘ ਅਤੇ ਗੁਰਜੰਟ ਸਿੰਘ ਨਾਂ ਦੇ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਸੀ। ਤਲਾਸ਼ੀ ਵਿਚ ਕਾਰ ਤੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਸੁਰਮੇਲ ਦੇ ਕੋਲੋਂ ਚਾਇਨਾਮੇਡ ਦਾ 30 ਬੋਰ ਪਿਸਤੌਲ, 5 ਕਾਰਤੂਸ ਅਤੇ 35 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਦੋਵੇਂ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਹ ਤਰਨਤਾਨਰ ਜ਼ਿਲ੍ਹੇ ਦੇ ਪਿੰਡ ਨਾਰਲੀ ਦੇ ਰਹਿਣ ਵਾਲੇ ਸਤਨਾਮ ਸਿੰਘ ਉਰਫ ਸੱਤਾ ਦੇ ਨਾਲ ਕੰਮ ਕਰਦੇ ਸਨ, ਜੋ ਸਰਹੱਦ ਪਾਰੋਂ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਲਈ ਪਾਕਿ ਸਮੱਗਲਰਾਂ ਦੇ ਨਾਲ ਨੇੜਿਓਂ ਜੁੜਿਆ ਹੋਇਆ ਸੀ। ਨਾਲ ਹੀ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਛੀਨਾ ’ਚ ਇਕ ਸਰਹੱਦੀ ਚੌਕੀ ਵਿਚ ਤਾਇਨਾਤ ਬੀਐਸਐਫ ਦਾ ਸਿਪਾਹੀ ਰਜਿੰਦਰ ਪ੍ਰਸਾਦ ਦੀ ਵੀ ਸਮੱਗਲਿੰਗ ਰੈਕੇਟ ਵਿਚ ਸ਼ਮੂਲੀਅਤ ਪਾਈ ਗਈ ਸੀ।
ਪੂਰੀ ਪੜਤਾਲ ਕਰਨ ਤੋਂ ਬਾਅਦ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਪੰਜਾਬ ਪੁਲਿਸ ਨੇ 28 ਜੁਲਾਈ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ। ਰਾਵਲਾ ਮੰਡੀ ਸਥਿਤ ਆਪਣੀ ਰਿਹਾਇਸ਼ ’ਤੇ ਛੁੱਟੀ ਕੱਟ ਕੇ ਵਾਪਿਸ ਆਉਣ ’ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਜੰਦਰ ਪ੍ਰਸਾਦ ਨੇ ਦੱਸਿਆ ਕਿ ਉਸ ਨੂੰ ਸਤਨਾਮ ਸਿੰਘ ਉਰਫ ਸੱਤਾ ਵੱਲੋਂ ਨਸ਼ਾ ਸਮੱਗਲਿੰਗ ਦੇ ਰੈਕੇਟ ਵਿਚ ਭਰਤੀ ਕੀਤਾ ਗਿਆ ਸੀ, ਜਿਸ ਨੇ ਆਪਣੇ ਬਾਰਡਰ ਪੋਸਟ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਮਦਦ ਦੇ ਬਦਲੇ ਉਸ ਨੂੰ ਪੈਸੇ ਦੇਣ ਦਾ ਵਾਅਦਾ ਕੀਤਾ ਸੀ। ਫਿਰ ਉਸ ਨੇ ਮਈ ਵਿਚ 17 ਕਿਲੋ ਹੈਰੋਇਨ ਅਤੇ 2 ਵਿਦੇਸ਼ੀ ਪਿਸਤੌਲ ਲੈਣ ਵਿਚ ਗਿਰੋਹ ਦੀ ਮਦਦ ਕੀਤੀ। ਇਕ ਵਾਰ ਫਿਰ ਸਤਨਾਮ ਸਿੰਘ ਨੇ ਰਜਿੰਦਰ ਪ੍ਰਸਾਦ, ਸੁਰਮੇਲ ਸਿੰਘ ਅਤੇ ਗੁਰਜੰਟ ਸਿੰਘ ਨਾਲ ਮਿਲ ਕੇ ਆਪਣੇ ਪਾਕਿ ਆਧਾਰਿਤ ਹੈਂਡਲਰ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਇਕ ਹੋਰ ਖੇਪ ਲੈਣੀ ਸੀ। ਸਤਨਾਮ ਸਿੰਘ ਉਰਫ ਸੱਤਾ ਨੇ ਇਸ ਖੇਪ ਦੀ ਰਸੀਦ ਅਤੇ ਪ੍ਰਬੰਧਨ ਲਈ ਰਜਿੰਦਰ ਪ੍ਰਸਾਦ ਨੂੰ 5 ਲੱਖ ਰੁਪਏ ਅਤੇ ਇਕ ਮੋਬਾਈਲ ਫੋਨ ਪਹਿਲਾਂ ਦਿੱਤਾ ਸੀ।