Hoshiarpur police recovered a large : ਹੁਸ਼ਿਆਰਪੁਰ ਪੁਲਿਸ ਵੱਲੋਂ ਪੰਜਾਬ ਸਰਕਾਰ ਦੀ ਸੂਬੇ ਵਿਚ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਖਿਲਾਫ ਚਲਾਈ ਮੁਹਿੰਮ ਅਧੀਨ ਵੱਡੀ ਕਾਰਵਾਈ ਕਰਦਿਆਂ ਦਸੂਹਾ ਵਿਚ ਵੱਡੀ ਮਾਤਰਾ ’ਚ 400 ਕਿਲੋ ਲਾਹਣ ਬਰਾਮਦ ਕੀਤਾ ਗਿਆ, ਜਿਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸ਼ਰਾਬ ਦੀ ਸਮੱਗਲਿੰਗ ਲਈ ਵਰਤੀਆਂ ਜਾਣ ਵਾਲੀਆਂ ਪੰਜ ਕਿਸ਼ਤੀਆਂ ਤੇ ਹੋਰ ਸਾਮਾਨ ਨੂੰ ਵੀ ਜ਼ਬਤ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੰਡ ਖੇਤਰ ਵਿਚ ਦਸੂਹਾ ਪੁਲਿਸ ਵੱਲੋਂ ਚਲਾਏ ਗਏ 6 ਘੰਟੇ ਤੋਂ ਵੱਧ ਦੇ ਸਰਚ ਆਪ੍ਰੇਸ਼ਨ ਦੌਰਾਨ ਬੇਗਪੁਰ ਅਤੇ ਟੇਰਕਿਆਣਾ ਤੋਂ 400 ਕਿਲੋ ਲਾਹਣ ਬਰਾਮਦ ਕੀਤਾ ਗਿਆ। ਇਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਹ ਸਰਚ ਆਪਰੇਸ਼ਨ ਦੁਪਹਿਰ 2 ਵਜੇ ਤੱਕ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੌਰਾਨ ਪੁਲਿਸ ਨੇ ਪੰਜ ਕਿਸ਼ਤੀਆਂ ਅਤੇ ਹੋਰ ਸਾਮਾਨ ਵੀ ਜ਼ਬਤ ਕੀਤਾ ਹੈ ਜੋ ਕਿ ਸ਼ਰਾਬ ਤਸਕਰੀ ਲਈ ਵਰਤਿਆ ਜਾਂਦਾ ਸੀ। ਦੱਸਣਯੋਗ ਹੈ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਸ਼ਰਾਬ ਸਮੱਗਲਰਾਂ ਦੀ ਅੱਗੋਂ ਕਿਸੇ ਵੀ ਕਾਰਵਾਈ ਨੂੰ ਰੋਕਣ ਲਈ ਦਰਿਆ ਦੇ ਨਾਲ-ਨਾਲ ਨਾਕੇ ਲਗਾਏ ਗਏ ਹਨ। ਇਸ ਸਬੰਧੀ ਦਸੂਹਾ ਦੇ ਥਾਣੇ ਵਿਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।