Corona Positive DEO and Clerk : ਚੰਡੀਗੜ੍ਹ ਦੇ ਸੈਕਟਰ1-7 ਸਥਿਤ ਇਨਕਮ ਟੈਕਸ ਵਿਭਾਗ ਵਿਚ ਸ਼ੁੱਕਰਵਾਰ ਸਵੇਰੇ ਡੀਈਓ ਦੇ ਅਹੁਦੇ ’ਤੇ ਤਾਇਨਾਤ ਅਧਿਕਾਰੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ, ਜਿਸ ਤੋਂ ਬਾਅਦ ਬਿਲਡਿੰਗ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਧਰ ਯੂਟੀ ਸਕੱਤਰੇਤ ਦੀ ਅਕਾਊਂਟ ਬ੍ਰਾਂਚ ਵਿਚ ਵੀ ਇਕ ਕਲਰਕ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਯੂਟੀ ਸਕੱਤਰੇਤ ਨੂੰ ਸੀਲ ਕਰ ਦਿੱਤਾ ਗਿਆ ਹੈ ਅੇਤ ਬ੍ਰਾਂਚ ਦੇ ਹੋਰ ਮੁਲਾਜ਼ਮਾਂ ਨੂੰ ਵੀ ਟੈਸਟਿੰਗ ਵਾਸਤੇ ਜੀਐਮਐਸਐਚ-16 ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਕਲਰਕ ਦੇ ਪਿਤਾ ਤੇ ਦੋਸਤ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ।
ਦੱਸਣਯੋਗ ਹੈ ਕਿ ਡੀਈਓ ਪਿਛਲੇ ਮੰਗਲਵਾਰ ਤੋਂ ਆਫਿਸ ਨਹੀਂ ਆ ਰਹੇ ਸਨ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਕਰਕੇ ਉਨ੍ਹਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਸੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਦੇ ਕੋਰੋਨਾ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਤਾਂ ਸ਼ੁੱਕਰਵਾਰ ਸਵੇਰੇ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ। ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਦੀ ਸੂਚਨਾ ਫੌਰਨ ਚੰਡੀਗੜ੍ਹ ਨਗਰ ਨਿਗਮ ਨੂੰ ਦਿੱਤੀ, ਤਾਂਜੋ ਬਿਲਡਿੰਗ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾ ਸਕੇ।
ਇਨਕਮ ਟੈਕਸ ਵਿਭਾਗ ਵਿਚ ਡੀਈਓ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਵਿਭਾਗ ਨੂੰ ਬੰਦ ਰਹਿਣ ਦਾ ਐਲਾਨ ਕੀਤਾ ਹੈ। ਉਥੇ ਦੇ ਲਗਭਗ 30 ਮੁਲਾਜ਼ਮਾਂ ਦੇ ਕੋਰੋਨਾ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਸ਼ਨੀਵਾਰ ਦੁਪਹਿਰ ਤੱਕ ਆਏਗੀ। ਫਿਲਹਾਲ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਜੇਕਰ ਇਨ੍ਹਾਂ ਵਿਚੋਂ ਕਿਸੇ ਦੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਵਿਭਾਗ ਨੂੰ ਅਗਲੇ ਹਫਤੇ ਲਈ ਵੀ ਬੰਦ ਰਖਿਆ ਜਾਵੇਗਾ।