Two fugitive main culprits : ਚੰਡੀਗੜ੍ਹ : ਪੰਜਾਬ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਮਾਮਲੇ ’ਚ ਫਰਾਰ ਦੋ ਹੋਰ ਮੁੱਖ ਅਪਰਾਧੀ ਪਿਓ-ਪੁੱਤ ਨੂੰ ਬੀਤੇ ਦਿਨ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਇਸ ਕੇਸ ਵਿੱਚ ਸਾਰੇ ਸਰਗਨਾਵਾਂ ਵਿਰੁੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਿਦਾਇਤਾਂ ਮੁਤਾਬਕ ਐਫਆਈਆਰ ਵਿੱਚ ਧਾਰਾ 302 ਅਧੀਨ ਕਤਲ ਦੇ ਦੋਸ਼ ਤੈਅ ਕੀਤੇ ਗਏ ਹਨ, ਜੋ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿਚ ਹੋਈਆਂ ਮੌਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਇਨ੍ਹਾਂ ਦੋਵੇਂ ਦੋਸ਼ੀਆਂ ਨੇ ਇਸ ਮਾਮਲੇ ਵਿੱਚ ਸ਼ਾਮਲ 13 ਹੋਰ ਵਿਅਕਤੀਆਂ ਦੇ ਨਾਵਾਂ ਦੇ ਖੁਲਾਸੇ ਕੀਤੇ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਡੋਰੀ ਗੋਲਾ ਰਹਿਣ ਵਾਲੇ ਪਿਉ-ਪੁੱਤਰ, ਹਰਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਦੀ ਗ੍ਰਿਫਤਾਰੀ ਨਾਲ ਇਸ ਮਾਮਲੇ ਵਿੱਚ ਕੁਲ ਗ੍ਰਿਫਤਾਰੀਆਂ ਦੀ ਗਿਣਤੀ 54 ਹੋ ਗਈ ਹੈ। ਹੁਣ ਤਰਨ ਤਾਰਨ ਵਿੱਚ 37, ਅਮ੍ਰਿਤਸਰ ਦਿਹਾਤੀ ਵਿੱਚ 9 ਅਤੇ ਬਟਾਲਾ ਵਿੱਚ 8 ਗ੍ਰਿਫਤਾਰੀਆਂ ਹੋਈਆਂ ਹਨ। ਡੀਜੀਪੀ ਨੇ ਦੱਸਿਆ ਕਿ ਕਸ਼ਮੀਰ ਸਿੰਘ ਅਤੇ ਸਤਨਾਮ ਸਿੰਘ ਉਰਫ ਸੱਤਾ ਤੋਂ ਇਲਾਵਾ ਹਰਜੀਤ ਸਿੰਘ ਅਤੇ ਸ਼ਮਸ਼ੇਰ ਉੱਤੇ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ। ਹਰਜੀਤ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਾਬੂ ਕੀਤਾ ਸੀ, ਜਿਸ ‘ਤੇ ਇੱਕ ਐਫ.ਆਈ.ਆਰ ਦਰਜ ਕੀਤੀ ਗਈ ਹੈ।ਉਸ ਦਾ ਪੁੱਤਰ ਤਰਨ ਤਾਰਨ ਪੁਲਿਸ ਨੇ ਫੜਿਆ ਹੈ, ਜਿਸ ‘ਤੇ 84 ਮੌਤਾਂ ਨਾਲ ਸਬੰਧਤ 3 ਐਫ.ਆਈ ਦਰਜ ਕੀਤੀਆਂ ਗਈਆਂ ਹਨ। ਦੋ ਐਫ.ਆਈ ਆਰ 14 ਮੌਤਾਂ ਨਾਲ ਸਬੰਧਤ ਬਟਾਲਾ ਵਿਖੇ ਦਰਜ ਕੀਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਪੁਲਿਸ ਵੱਲੋਂ ਦੋ ਦੋਸ਼ੀਆਂ ਸਤਨਾਮ ਸਿੰਘ ਪੁੱਤਰ ਹਰਜੀਤ ਸਿੰਘ ਕੋਲੋਂ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ 27 ਜੁਲਾਈ ਨੂੰ ਪੰਡੋਰੀ ਗੋਲਾ, ਤਰਨਤਾਰਨ ਦੇ ਅਵਤਾਰ ਸਿੰਘ ਕੋਲੋਂ ਤਿੰਨ ਨਾਜਾਇਜ਼ ਸ਼ਰਾਬ ਦੇ ਤਿੰਨ ਡਰੰਮ ਖਰੀਦੇ ਸਨ। ਹਰਜੀਤ ਸਿੰਘ ਨੇ ਇਹ ਸ਼ਰਾਬ ਲੈਣ ਲਈ ਪੰਦਰਾਂ ਦਿਨ ਪਹਿਲਾਂ ਅਵਤਾਰ ਸਿੰਘ ਨੂੰ 15 ਹਜ਼ਾਰ ਰੁਪਏ ਦਿੱਤੇ ਸਨ ਅਤੇ ਦੂਜੀ ਕਿਸ਼ਤ ਦੇ 15 ਹਜ਼ਾਰ ਰੁਪਏ ਇਹ ਨਾਜਾਇਜ਼ ਦਾਰੂ ਪ੍ਰਾਪਤ ਹੋਣ ਉੱਤੇ ਦੇਣੇ ਸਨ।