Punjab Police pours raw : ਪੰਜਾਬ ਪੁਲਿਸ ਦੀ ਇਕ ਹੋਰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਪੁਲਿਸ ਵੱਲੋਂ ਸਤਲੁਜ ਦਰਿਆ ਦੇ ਆਲੇ-ਦੁਆਲੇ ਕੱਚੀ ਸ਼ਰਾਬ ਦੀਆਂ ਭੱਠੀਆਂ ਤੋੜ ਕੇ ਉਥੋਂ ਬਰਾਮਦ ਸ਼ਰਾਬ ਨੂੰ ਦਰਿਆ ਵਿਚ ਹੀ ਵਹਾ ਦਿੱਤਾ ਗਿਆ। ਇਸ ਨਾਲ ਕਈ ਪਿੰਡਾਂ ਦੇ ਨਾਲ ਲੱਗਦਾ ਪਾਣੀ ਜ਼ਹਿਰੀਲਾ ਹੋ ਗਿਆ ਹੈ ਅਤੇ ਮੱਛੀਆਂ ਮਰ ਕੇ ਕੰਢੇ ’ਤੇ ਆਉਣ ਲੱਗਾ ਹੈ। ਪਾਣੀ ਵਿਚ ਝੱਗ ਵੀ ਦਿਸਣ ਲੱਗੀ ਹੈ। ਸੰਤ ਸੀਚੇਵਾਲ ਤੇ ਹੋਰ ਵਾਤਾਵਰਣ ਪ੍ਰੇਮੀ ਸਤਲੁਜ ਦੇ ਪਾਣੀ ਨੂੰ ਲੈ ਕੇ ਜੰਗ ਲੜ ਰਹੇ ਹਨ। ਉਥੇ ਪੁਲਿਸ ਨੇ ਸ਼ਰਾਬ ਮਾਫੀਆ ਨਾਲ ਜੰਗ ਵਿਚ ਚੌਗਿਰਦੇ ਦੀ ਹਾਲਤ ਖਰਾਬ ਕਰ ਦਿੱਤੀ ਹੈ। ਪੰਜਾਬ ਪੁਲਿਸ ਵੱਲੋਂ ਕੀਤੀ ਗਈ ਇਸ ਗੈਰ-ਜ਼ਿੰਮੇਵਾਰਾਨਾ ਹਰਕਤ ਦੀ ਸੰਤ ਸੀਚੇਵਾਲ ਨੇ ਨਿਖੇਧੀ ਕਰਦਿਆਂ ਇਸ ਮਾਮਲੇ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਬੈਠਕ ਵਿਚ ਰਖਣ ਦੀ ਗੱਲ ਕਹੀ ਹੈ।
ਸਤਲੁਜ ਦਰਿਆ ਦੇ ਕੰਢੇ ਮੰਡਾਲਾ ਛੰਨਾ, ਪਿਪਲੀ ਤੇ ਭਗਵਾਂ ਇਲਾਕੇ ਵਿਚ ਕੰਢੇ ’ਤੇ ਮਰੀਆਂ ਮੱਛੀਆਂ ਤੜਫਦੀਆਂ ਦਿਸ ਰਹੀਆਂ ਹਨ। ਦਿਹਾਤ ਪੁਲਿਸ ਨੇ 3.58 ਲੱਖ ਕਿਲੋ ਲਾਹਣ ਬਰਾਮਦ ਕੀਤਾ ਪਰ ਉਸ ਨੂੰ ਸਤਲੁਜ ਵਿਚ ਵਹਾ ਦਿੱਤਾ ਗਿਆ। ਇਹ ਸ਼ਰਾਬ ਅਜੇ ਪੂਰੀ ਤਰ੍ਹਾਂ ਤੋਂ ਤਿਆਰ ਨਹੀਂ ਹੋਈ ਸੀ ਅਤੇ ਜ਼ਹਿਰੀਲੀ ਸੀ। ਇਸ ਕਾਰਨ ਪਾਣੀ ਵੀ ਜ਼ਹਿਰੀਲੀ ਹੋਣ ਲੱਗਾ ਹੈ, ਜਿਸ ਨਾਲ ਆਲੇ-ਦੁਆਲੇ ਦੇ ਪਿੰਡਾਂ ਵਿਚ ਦਹਿਸ਼ਤ ਫੈਲਣ ਲੱਗੀ ਹੈ।
ਚੌਗਿਰਦਾ ਪ੍ਰੇਮੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈਕਿ ਸਤਲੁਜ ਦਰਿਆ ਵਿਚ ਪੁਲਿਸ ਵੱਲੋਂ ਕੱਚੀ ਸ਼ਰਾਬ ਪਾਉਣਾ ਗੈਰ-ਕਾਨੂੰਨੀ ਹੈ। ਇਸ ਮਾਮਲੇ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਨਿਗਰਾਨੀ ਕਮੇਟੀ ਵਿਚ ਉਠਾਇਆ ਗਿਆ ਹੈ ਅਤੇ ਛੇਤੀ ਹੀ ਮਾਮਲਾ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਬੈਠਕ ਵਿਚ ਵੀ ਰਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਐਨਜੀਓ ਅੇਤ ਹੋਰ ਲੋਕ ਸਤਲੁਜ ਦਰਿਆ ਨੂੰ ਸਾਫ ਰਖਣ ਦੀ ਜੰਗ ਲੜ ਰਹੇ ਹਨ, ਅਜਿਹੇ ’ਚ ਕੱਚੀ ਸ਼ਰਾਬ ਨੂੰ ਦਰਿਆ ਵਿਚ ਸੁੱਟਣਾ ਇਕ ਅਪਰਾਧ ਹੈ।