Prohibition on action against : ਕੋਰੋਨਾ ਦੇ ਟੈਸਟਾਂ ਦੀਆਂ ਫਰਜ਼ੀ ਰਿਪੋਰਟਾਂ ਬਣਾ ਕੇ ਦੇਣ ਵਾਲੇ ਤੁਲੀ ਡਾਇਗਨੋਸਟਿਕ ਸੈਂਟਰ, ਈਐਮਸੀ ਹਸਪਤਾਲ ਅਤੇ ਹਸਪਤਾਲ ਦੇ ਡਾਕਟਰ ਪੰਕਜ ਸੋਨੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਸੱਤ ਸਤੰਬਰ ਤੱਕ ਇਸ ਐਫਆਈਰ ’ਤੇ ਕਾਰਵਾਈ ਕਰਨ ’ਤੇ ਰੋਕ ਲਗਾ ਦਿੱਤੀ ਹੈ। ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਸੁਣਵਾਈ ’ਤੇ ਅਦਾਲਤਨ ਨੇ ਵਿਜੀਲੈਂਸ ਦੀ ਕਾਰਵਾਈ ’ਤੇ ਕਈ ਸਵਾਲ ਵੀ ਚੁੱਕੇ।
ਅਦਾਲਤ ਨੇ ਕਿਹਾ ਕਿ ਵਿਜੀਲੈਂਸ ਨੇ ਸਿਰਫ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰ ਦਿੱਤੀ, ਜਦਕਿ ਅਜੇ ਤੱਕ ਨਾ ਤਾਂ ਐਸਆਈਟੀ ਦੀ ਰਿਪੋਰਟ ਆਈ ਹੈ ਅਤੇ ਨਾ ਹੀ ਸਿਵਲ ਸਰਜਨ ਵੱਲੋਂ ਬਣਾਈ ਗਈ ਮੈਡੀਕਲ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਹੈ।
ਹਾਈਕੋਰਟ ਵਿਚ ਤੁਲੀ ਲੈਬ ਵੱਲੋਂ ਪੈਰਵੀ ਕਰਨ ਵਾਲੇ ਵਕੀਲ ਦੀਵਾਂਸ਼ੂ ਜੈਨ ਨੇ ਦੱਸਿਆ ਕਿ ਵਿਜੀਲੈਂਸ ਦੀ ਐਫਆਈਆਰ ਸਿਰਫ ਲੋਕਾਂ ਦੀ ਸ਼ਿਕਾਇਤ ’ਤੇ ਆਧਾਰਤ ਹੈ। ਉਨ੍ਹਾਂ ਕਿਹਾ ਕਿ ਤੁਲੀ ਲੈਬ ’ਚ ਕੁਲ 1723 ਟੈਸਟ ਹੋਏ, ਜਿਨ੍ਹਾਂ ਵਿਚੋਂ ਸਿਰਫ 110 ਦੀਆਂ ਰਿਪੋਰਟਾਂ ਪਾਜ਼ੀਟਿਵ ਆਈ। ਟੈਸਟ ਮਸ਼ੀਨ ਵਿਚ ਕੋਈ ਛੇੜਛਾੜ ਸੰਭਵ ਨਹੀਂ ਹੈ। ਅਦਾਲਤ ਨੇ ਸੁਣਵਾਈ 7 ਸਤੰਬਰ ਤੱਕ ਤੈਅ ਕਰਦੇ ਹੋਏ ਵਿਜੀਲੈਂਸ ਨੂੰ ਸਬੂਤਾਂ ਨਾਲ ਪੇਸ਼ ਹੋਣ ਦੀਆਂ ਹਿਦਾਇਤਾਂ ਦਿੱਤੀਆਂ ਹਨ।