England beat Pakistan: ਇੰਗਲੈਂਡ ਦੀ ਟੀਮ ਨੇ ਮੈਨਚੇਸਟਰ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇੰਗਲੈਂਡ ਨੇ ਚੌਥੀ ਪਾਰੀ ਵਿੱਚ 277 ਦੌੜਾਂ ਦੇ ਟੀਚੇ ਨੂੰ ਹਾਸਿਲ ਕਰ ਪਾਕਿਸਤਾਨ ਖਿਲਾਫ ਪਹਿਲਾ ਟੈਸਟ ਮੈਚ ਜਿੱਤ ਲਿਆ ਹੈ। ਪਹਿਲੀ ਪਾਰੀ ਵਿੱਚ 107 ਦੌੜਾਂ ਦੀ ਲੀਡ ਲੈਣ ਦੇ ਬਾਵਜੂਦ, ਪਾਕਿਸਤਾਨ ਦੀ ਟੀਮ ਮੈਨਚੇਸਟਰ ‘ਚ ਪਹਿਲਾ ਟੈਸਟ ਮੈਚ ਜਿੱਤਣ ਵਿੱਚ ਅਸਫਲ ਰਹੀ ਅਤੇ ਇੰਗਲੈਂਡ ਨੇ ਪਾਕਿਸਤਾਨ ਨੂੰ 3 ਵਿਕਟਾਂ ਨਾਲ ਹਰਾਇਆ। ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਦੂਜੀ ਪਾਰੀ ਵਿੱਚ ਸਿਰਫ ਵਾਪਸੀ ਨਹੀਂ ਕੀਤੀ ਬਲਕਿ ਚੌਥੀ ਪਾਰੀ ਵਿੱਚ ਇੰਗਲੈਂਡ ਨੇ ਜਿੱਤ ਲਈ ਮੁਸ਼ਕਿਲ ਚੁਣੌਤੀ ਹਾਸਿਲ ਕਰਕੇ ਵੀ ਪਹਿਲਾ ਟੈਸਟ ਮੈਚ ਜਿੱਤ ਲਿਆ। ਪਹਿਲੀ ਪਾਰੀ ਵਿੱਚ ਪਾਕਿਸਤਾਨ ਦੇ 326 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਦੀ ਟੀਮ ਸਿਰਫ 219 ਦੌੜਾਂ ‘ਤੇ ਸਿਮਟ ਗਈ। ਇਸ ਤੋਂ ਬਾਅਦ ਪਾਕਿਸਤਾਨ ਦੀ ਟੀਮ ਦੂਜੀ ਪਾਰੀ ਵਿੱਚ 107 ਦੌੜਾਂ ਦੀ ਬੜ੍ਹਤ ਨਾਲ ਬੱਲੇਬਾਜ਼ੀ ਕਰਨ ਲਈ ਉੱਤਰੀ ਅਤੇ ਦੂਜੀ ਪਾਰੀ ਵਿੱਚ 169 ਦੌੜਾਂ ’ਤੇ ਆਲ ਆਊਟ ਹੋ ਗਈ।
ਪਰ ਇੰਗਲੈਂਡ ਲਈ ਅਜੇ ਵੀ ਕੰਮ ਸੌਖਾ ਨਹੀਂ ਸੀ। ਓਲਡ ਟ੍ਰੈਫੋਰਡ ਦੀ ਪਿੱਚ ‘ਤੇ ਚੌਥੀ ਪਾਰੀ ‘ਚ 277 ਦੌੜਾਂ ਬਣਾ ਕੇ ਜਿੱਤਣਾ ਬਹੁਤ ਮੁਸ਼ਕਿਲ ਚੁਣੌਤੀ ਸੀ, ਅਤੇ ਇੰਗਲੈਂਡ ਦੀ ਟੀਮ ਬੱਲੇਬਾਜ਼ੀ ਲਈ ਉੱਤਰੀ ਤਾਂ 117 ਦੌੜਾਂ ‘ਤੇ ਇੱਕ ਸਮੇਂ 5 ਵਿਕਟਾਂ ਗੁਆ ਚੁੱਕੀ ਸੀ। ਪਰ ਛੇਵੀਂ ਵਿਕਟ ਲਈ ਭਾਈਵਾਲੀ ‘ਚ ਜੋਸ ਬਟਲਰ ਅਤੇ ਕ੍ਰਿਸ ਵੋਕਸ ਨੇ 139 ਦੌੜਾਂ ਜੋੜੀਆਂ ਅਤੇ ਇੰਗਲੈਂਡ ਨੂੰ ਜਿੱਤ ਦੇ ਨੇੜੇ ਲੈ ਗਏ। ਬਟਲਰ 75 ਦੌੜਾਂ ਬਣਾ ਕੇ ਆਊਟ ਹੋ ਗਿਆ ਪਰ ਵੌਕਸ ਅੰਤ ਤੱਕ 84 ਸਕੋਰ ਬਣਾ ਅਜੇਤੂ ਰਿਹਾ ਅਤੇ ਇੰਗਲੈਂਡ ਨੂੰ 3 ਵਿਕਟਾਂ ਨਾਲ ਜਿੱਤਣ ਵਿੱਚ ਸਹਾਇਤਾ ਕੀਤੀ। ਇੰਗਲੈਂਡ 3 ਮੈਚਾਂ ਦੀ ਸੀਰੀਜ਼ ਵਿੱਚ ਹੁਣ 1-0 ਨਾਲ ਅੱਗੇ ਹੈ। ਇਸ ਲੜੀ ਦੇ ਅਗਲੇ ਦੋ ਮੈਚ ਸਾਊਥਹੈਮਪਟਨ ਵਿੱਚ ਖੇਡੇ ਜਾਣਗੇ।