Exchange of bodies found : ਜਲੰਧਰ ਜ਼ਿਲ੍ਹੇ ਵਿਚ ਨਕੋਦਰ ਦੇ ਸਿਵਲ ਹਸਪਤਾਲ ਵਿਚ ਹੁਣ ਲਾਸ਼ਾਂ ਦੀ ਅਦਲਾ-ਬਦਲੀ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।ਜਿੱਥੇ ਹਸਪਤਾਲ ਵੱਲੋਂ ਪੋਸਟਮਾਰਟਮ ਤੋਂ ਬਾਅਦ ਮੋਰਚਰੀ ’ਚ ਰਖੀਆਂ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ਦੀ ਥਾਂ ਹੋਰ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ, ਜਿਸ ’ਤੇ ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਗਟਾਉਂਦਿਆਂ ਹਸਪਤਾਲ ਵਿਚ ਪਹੁੰਚ ਕੇ ਖੂਬ ਹੰਗਾਮਾ ਕੀਤਾ। ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਪੁਦੀਨਾ ਫੈਕਟਰੀ ਵਿਚ ਗੈਸ ਚੜ੍ਹਣ ਨਾਲ ਹੋ ਗਈ ਸੀ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਲਿਆਇਆ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਨਕੋਦਰ ਦੀ ਮੋਰਚਰੀ ਵਿਚ ਪੰਜ ਲਾਸ਼ਾਂ ਰਖੀਆਂ ਗਈਆਂ ਸਨ ਜਿਨ੍ਹਾਂ ਵਿਚੋਂ ਦੋ ਲਾਸ਼ਾ ਇਹ ਭਰਾਵਾਂ ਦੀਆਂ ਸਨ। ਇਸ ਤੋਂ ਇਲਾਵਾ ਤਿੰਨ ਹੋਰ ਲਾਸ਼ਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਸਨ। ਇਨ੍ਹਾਂ ਮਜ਼ਦੂਰਾਂ ਦੀ ਮੌਤ ਇੱਕ ਹਾਦਸੇ ‘ਚ ਹੋਈ ਸੀ। ਸਿਵਲ ਹਸਪਤਾਲ ਦੀ ਅਣਗਹਿਲੀ ਕਰਕੇ ਦੋਹਾਂ ਭਰਾਵਾਂ ਦੀਆਂ ਲਾਸ਼ਾਂ ਦੀ ਥਾਂ ਪਰਿਵਾਰਕ ਮੈਂਬਰਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਦੇ ਦਿੱਤੀਆਂ ਗਈਆਂ।
ਪਰਿਵਾਰਕ ਮੈਂਬਰਾਂ ਨੂੰ ਲਾਸ਼ਾਂ ਦਾ ਸੰਸਕਾਰ ਕਰਨ ਲੱਗਿਆਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵਾਪਿਸ ਹਸਪਤਾਲ ਪਹੁੰਚੇ ਅਤੇ ਉਥੇ ਖੂਬ ਹੰਗਾਮਾ ਕੀਤਾ। ਜਿਸ ’ਤੇ ਐਸਐਚਓ ਲੋਹੀਆਂ ਸੁਖਦੇਵ ਸਿੰਘ ਨੇ ਮੌਕੇ ਤੇ ਪਹੁੰਚ ਕਿ ਮਾਹੌਲ ਨੂੰ ਸ਼ਾਂਤ ਕਰਵਾਇਆ। ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕਰਦਿਆਂ ਮੋਰਚਰੀ ਵਿਚ ਪਈਆਂ ਪੰਜਾਂ ਲਾਸ਼ਾਂ ਨੂੰ ਉਨ੍ਹਾਂ ਦੇ ਸਹੀ ਵਾਰਿਸਾਂ ਦੇ ਹਵਾਲੇ ਕੀਤਾ।