itbp dg visit uttrakhand: ਗਲਵਾਨ ਦੀ ਘਟਨਾ ਤੋਂ ਬਾਅਦ ਭਾਰਤ ਚੀਨ ਨਾਲ ਲੱਗਦੀਆਂ ਸਰਹੱਦਾਂ ‘ਤੇ ਸੁਰੱਖਿਆ ਦੀ ਪੂਰੀ ਤਿਆਰੀ ਕਰਨ ਵਿੱਚ ਰੁੱਝਿਆ ਹੋਇਆ ਹੈ। ਪਹਾੜਾਂ ਤੇ ਕੁੱਝ ਹਫ਼ਤਿਆਂ ਵਿੱਚ ਬਰਫਬਾਰੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਸਰਦੀਆਂ ਦਾ ਮੌਸਮ ਆ ਰਿਹਾ ਹੈ। ਇਸ ਮੌਸਮ ਵਿੱਚ ਚੀਨ ਕਈ ਵਾਰ ਸਾਡੀ ਸਰਹੱਦ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਾ ਹੈ। ਲੱਦਾਖ ਵਿੱਚ ਚੀਨੀ ਵਿਸ਼ਵਾਸਘਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਮਾਹੌਲ ਬਰਾਬਰ ਤਣਾਅਪੂਰਨ ਹੈ। ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਭਾਰਤ ਇਸ ਵਾਰ ਚੀਨ ਦੀ ਸਰਹੱਦ ਦੇ ਨਾਲ ਸਖਤ ਸੁਰੱਖਿਆ ਪ੍ਰਬੰਧ ਕਰ ਰਿਹਾ ਹੈ। ਇਨ੍ਹਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ ਡਾਇਰੈਕਟਰ ਜਨਰਲ ਸੁਰਜੀਤ ਸਿੰਘ ਦੇਸਵਾਲ ਚਾਰ ਦਿਨਾਂ ਲੰਬੇ ਦੌਰੇ ‘ਤੇ ਉਤਰਾਖੰਡ ਵਿੱਚ ਸਥਿਤ ਇੱਕ ਫਾਰਵਰਡ ਪੋਸਟ ‘ਤੇ ਗਏ ਹਨ।
ਦੱਸ ਦੇਈਏ ਕਿ ਆਈਟੀਬੀਪੀ ਸਿਰਫ ਚੀਨ ਨਾਲ ਲੱਗਦੀ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੀ ਹੈ। ਆਈਟੀਬੀਪੀ ਦੇ ਡੀਜੀ ਸੁਰਜੀਤ ਸਿੰਘ ਦੇਸਵਾਲ ਉਤਰਾਖੰਡ ਦੀ ਲੈਪਥਲ, ਰਿਮਖਿਮ, ਨੇਲੰਗ ਘਾਟੀ ਦੇ ਬੀਓਪੀ ਸਮੇਤ ਲੱਗਭਗ ਦਰਜਨ ਸਰਹੱਦੀ ਚੌਕੀਆਂ ਦਾ ਦੌਰਾ ਕਰਨਗੇ ਅਤੇ ਭਾਰਤ-ਚੀਨ ਸਰਹੱਦ ‘ਤੇ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲੈਣਗੇ। ਆਈਟੀਬੀਪੀ ਦੇ ਸੂਤਰਾਂ ਅਨੁਸਾਰ ਇਸ ਸਰਦੀ ਵਿੱਚ ਆਈਟੀਬੀਪੀ ਨੂੰ ਪੂਰਾ ਅਲਰਟ ਅਤੇ ਤਿਆਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।