Duplicate copies of educational certificates : ਜਲੰਧਰ : ਜੇਕਰ ਕਿਸੇ ਦੇ ਸਿੱਖਿਅਕ ਦਸਤਾਵੇਜ਼ ਹੁਣ ਗੁੰਮ ਹੋ ਜਾਂਦੇ ਹਨ ਤਾਂ ਉਸ ਨੂੰ ਮਹੀਨਿਆਂ ਤੱਕ ਸਕੂਲ, ਜ਼ਿਲ੍ਹਾ ਬੋਰਡ ਅਤੇ ਮੁੱਖ ਬੋਰਡ ਦੇ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਕਿਉਂਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਸਰਟੀਫਿਕੇਟਾਂ ਦੀ ਡੁਪਲੀਕੇਟ ਕਾਪੀ ਹੁਣ ਸਿਰਫ ਤਿੰਨ ਦਿਨਾਂ ਵਿਚ ਮਿਲ ਜਾਏਗੀ। ਬੋਰਡ ਹੁਣ ਬਿਨੈਕਾਰਾਂ ਨੂੰ ਆ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਇਸ ਸਾਰੀ ਪ੍ਰਕਿਰਿਆ ਨੂੰ ਆਨਲਾਈਨ ਕਰਨ ਜਾ ਰਿਹਾ ਹੈ। ਬਿਨੈਕਾਰ ਨੂੰ ਹੁਣ ਆਨਲਾਈਨ ਹੀ ਸਰਟੀਫਿਕੇਟ ਲਈ ਅਪਲਾਈ ਕਰਨਾ ਹੋਵੇਗਾ। ਇਸ ਨਾਲ ਉਨ੍ਹਾਂ ਨੂੰ ਸਿਰਫ ਤਿੰਨ ਦਿਨ ਬਾਅਦ ਸਰਟੀਫਿਕੇਟ ਦੀ ਕਾਪੀ ਮਿਲ ਜਾਏਗੀ।
ਬੋਰਡ ਨੇ ਡੁਪਲੀਕੇਟ ਕਾਪੀ ਦਾ ਨਾਂ ਹੁਣ ਸੈਕੰਡ ਕਾਪੀ ਰਖ ਕੇ ਇਸ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਹੈ। ਇਸ ਵਿਚ ਹੁਣ ਬਿਨੈਕਾਰ ਨੂੰ ਬੋਰਡ ਦਫਤਰ ਵਿਚ ਹੀ ਬਣੇ ਵੱਖ-ਵੱਖ ਦਫਤਰਾਂ ਵਿਚ ਜਾਣ ਦੀ ਲੋੜ ਨਹੀਂ ਪਏਗੀ। ਅਜੇ ਤੱਕ ਸਰਟੀਫਿਕੇਟ ਜਾਰੀ ਕਰਨ ਲਈ ਬਿਨੈਕਾਰਾਂ ਲਈ ਲਗਭਗ 37 ਪੜਾਅ ਸਨ, ਜਿਨ੍ਹਾਂ ਨੂੰ ਘਟਾ ਕੇ ਹੁਣ ਸਿਰਫ ਚਾਰ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਫਾਲੋ ਕਰਦੇ ਹੋਏ ਹੀ ਬਿਨੈਕਾਰ ਸਰਟੀਫਿਕੇਟ ਹਾਸਲ ਕਰ ਸਕਦੇ ਹਨ। ਬੋਰਡ ਵੱਲੋਂ ਹੁਣ ਸਾਰੀਆਂ ਅਰਜ਼ੀਆਂ ਆਨਲਾਈਨ ਮਾਧਿਅਮ ਰਾਹੀਂ ਹੀ ਮੰਗੀਆਂ ਜਾਣਗੀਆਂ ਤੇ ਸਰਟੀਫਿਕੇਟ ਸਬੰਧੀ ਪੇਮੈਂਟ ਵੀ ਆਨਲਾਈਨ ਹੀ ਲਈ ਜਾਵੇਗੀ।
ਬਿਨੈਕਾਰ ਵੱਲੋਂ ਆਨਲਾਈਨ ਦਸਤਖਤ ਦੇਣ, ਫੀਸ ਜਮ੍ਹਾ ਕਰਵਾਉਣ ਤੋਂ ਬਾਅਦ ਉਸ ਦੇ ਰਜਿਸਟਰਡ ਮੋਬਾਈਲ ਨੰਬਰ ’ਤੇ ਟੈਕਸਟ ਮੈਸੇਜ ਦੇ ਰੂਪ ਵਿਚ ਰਜਿਸਟ੍ਰੇਸਨ ਨੰਬਰ ਮੁਹੱਈਆ ਹੋਵੇਗਾ। ਬਿਨੈਕਾਰ ਰਜਿਸਟ੍ਰੇਸ਼ਨ ਨੰਬਰ ਰਾਹੀਂ ਆਪਣੀ ਅਰਜ਼ੀ ਦਾ ਸਟੇਟਸ ਵੀ ਚੈੱਕ ਕਰ ਸਕੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਇਸ ਬਾਰੇ ਦੱਸਿਆ ਕਿ ਇਸ ਸਬੰਧੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਹੁਣ ਸਰਟੀਫਿਕੇਟ ਹਾਸਲ ਕਰਨ ਲਈ ਸਿਰਫ ਆਨਲਾਈਨ ਹੀ ਅਪਲਾਈ ਕਰਨ ਲਈ ਕਿਹਾ ਗਿਆ ਹੈ।