Positive in Jalandhar : ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਨੂੰ ਲੈ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਜਲੰਧਰ ਸਿਵਲ ਹਸਪਤਾਲ ਇਕ ਬੀਮਾਰ ਵਿਅਕਤੀ ਦੀ ਰਿਪੋਰਟ ਨੂੰ ਕੋਰੋਨਾ ਪਾਜ਼ੀਟਿਵ ਤਾਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਨੈਗੇਟਿਵ ਦੱਸ ਰਿਹਾ ਹੈ। ਇਸ ਨਾਲ ਮਰੀਜ਼ ਅੇਤ ਉਸ ਦੇ ਪਰਿਵਾਰਕ ਮੈਂਬਰ ਦੁਚਿੱਤੀ ਵਿਚ ਫਸ ਗਏ ਹਨ। ਪਿੰਡ ਨੰਗਲ ਦਾ ਰਹਿਣ ਵਾਲਾ ਜੋਗਿੰਦਰਪਾਲ ਕਾਰਖਾਨੇ ਵਿਚ ਕੰਮ ਕਰਦਾ ਹੈ, ਜਿਸ ਦਾ ਈਐਸਆਈ ਹਸਪਤਾਲ ਵਿਚ ਇਲਾਜ ਦਾ ਕਾਰਡ ਵੀ ਬਣਿਆ ਹੋਇਆ ਹੈ। ਪਿਛਲੇ ਕੁਝ ਸਮੇਂ ਤੋਂ ਬੀਮਾਰੀ ਕਾਰਨ ਉਹ ਘਰ ਵਿਚ ਆਰਾਮ ਕਰ ਰਿਹਾ ਸੀ। 6 ਅਗਸਤ ਨੂੰ ਉਸ ਦੀ ਤਬੀਅਤ ਜ਼ਿਆਦਾ ਖਰਾਬ ਹੋਣ ’ਤੇ ਪਰਿਵਾਰ ਵਾਲੇ ਉਸ ਨੂੰ ਫਗਵਾੜਾ ਲੈ ਗਏ। ਸੱਤ ਅਗਸਤ ਨੂੰ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ। ਉਥੇ ਕੋਰੋਨਾ ਦੀ ਜਾਂਚ ਲਈ ਸੈਂਪਲ ਲੈਣ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਰਿਪੋਰਟ ਪਾਜ਼ੀਟਿਵ ਦੱਸੀ। ਉਸੇ ਦਿਨ ਉਸੇ ਸਿਵਲ ਹਸਪਤਾਲ ਜਲੰਧਰ ਤੋਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਅੰਮ੍ਰਿਤਸਰ ਪਹੁੰਚਦੇ ਹੀ ਮੁੜ ਉਸ ਦਾ ਸੈਂਪਲ ਲਿਆ ਗਿਆ ਤਾਂ ਡਾਕਟਰਾਂ ਨੇ ਰਿਪੋਰਟ ਨੈਗੇਟਿਵ ਦੱਸੀ। ਉਸ ਨੂੰ ਆਮ ਮਰੀਜ਼ਾਂ ਦੇ ਵਾਰਡ ਵਿਚ ਰਖ ਕੇ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰਕ ਵਾਲਿਆਂ ਨੇ ਜਦੋਂ ਉਥੇ ਦੇ ਸਿਵਲ ਹਸਪਤਾਲ ਜਲੰਧਰ ਦੀ ਪਾਜ਼ੀਟਿਵ ਰਿਪੋਰਟ ਦਿਖਾਈ ਤਾਂ ਉਥੇ ਦੇ ਡਾਕਟਰਾਂ ਨੇ ਰਿਪੋਰਟ ਨੂੰ ਗਲਤ ਕਰਾਰ ਦਿੱਤਾ।
ਪਰਿਵਾਰ ਦੇ ਲੋਕ ਸ਼ਨੀਵਾਰ ਨੂੰ ਉਸ ਸਮੇਂ ਵੱਡੀ ਦੁਚਿੱਤੀ ਵਿਚ ਪੈ ਗਏ ਜਦੋਂ ਸਾਰੇ ਕੁਝ ਠੀਕਠਾਕ ਹੋਣ ਦੇ ਬਾਵਜੂਦ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਇਕ ਟੀਮ ਸ਼ਾਮ ਦੇ ਸਮੇਂ ਪਿੰਡ ਨੰਗਲ ਸਥਿਤ ਉਨ੍ਹਾਂ ਦੇ ਘਰ ਆ ਪਹੁੰਚੀ। ਟੀਮ ਨੇ ਘਰ ਦੇ ਸਾਰੇ ਮੈਂਬਰਾਂ ਨੂੰ ਇਕ ਦੂਸਰੇ ਤੋਂ ਦੂਰੀਆਂ ਬਣਾਉਣ ਦੀਆਂ ਹਿਦਾਇਤਾਂ ਦਿੰਦੇ ਹੋਏ ਘਰ ਦੇ ਬਾਹਰ ਕੋਵਿਡ-19 ਦਾ ਸਟਿਕਰ ਚਿਪਕਾ ਕੇ ਉਨ੍ਹਾਂ ਨੂੰ 14 ਦਿਨਾਂ ਲਈ ਘਰ ਦੇ ਅੰਦਰ ਆਈਸੋਲੇਟ ਰਹਿਣ ਦੀਆਂ ਹਿਦਾਇਤਾਂ ਸੁਣਾਈਆਂ। ਪਰਿਵਾਰ ਦੇ ਲੋਕਾਂ ਨੇ ਸਖਤ ਇਤਰਾਜ਼ ਪ੍ਰਗਟਾਉਂਦੇ ਹੋਏ ਘਰ ਦੇ ਬਾਹਰ ਸਟਿਕਰ ਲਗਾਉਣ ਤੋਂ ਸਾਫ ਮਨਾ ਕਰ ਦਿੱਤਾ। ਮਾਮਲਾ ਵਧਿਆ ਤਾਂ ਉਥੇ ਸਾਬਕਾ ਸਰਪੰਚ ਖੁਸ਼ੀ ਰਾਮ ਨੂੰ ਬੁਲਾਇਆ ਗਿਆ। ਖੁਸ਼ੀ ਰਾਮ ਨੇ ਜਦੋਂ ਅਧਿਕਾਰੀਆਂ ਨੂੰ ਅੰਮ੍ਰਿਤਸਰ ਹਸਪਤਾਲ ਦੀ ਨੈਗੇਟਵ ਰਿਪੋਰਟ ਦਾ ਹਵਾਲਾ ਦਿੱਤਾ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਲੰਧਰ ਸਿਵਲ ਹਸਪਤਾਲ ਦੀ ਪਾਜ਼ੀਟਿਵ ਰਿਪੋਰਟ ਦਾ ਹਵਾਲਾ ਦਿੱਤਾ।
ਪਰਿਵਾਰ ਵਾਲਿਆਂ ਦਾ ਕਹਿਣਾ ਸੀ ਇਕ ਤਾਂ ਉਹ ਪਹਿਲਾਂ ਦੀ ਦੋ ਸਮੇਂ ਦੀ ਰੋਟੀ ਲਈ ਮਿਹਨਤ ਕਰ ਰਹੇ ਹਨ, ਉਪਰੋਂ 14 ਦਿਨ ਪਰਿਵਾਰ ਦੇ ਘਰ ’ਚ ਰਹਿਣ ਨਾਲ ਕਮਾਉਣ ਅਤੇ ਖਾਣ ਦੇ ਲਾਲੇ ਪੈ ਜਾਣਗੇ। ਸਾਬਕਾ ਸਰਪੰਚ ਨੇ ਕਿਹਾ ਕਿ ਇਹ ਤਾਂ ਮਜ਼ਾਕ ਹੈ ਕਿ ਇਕ ਹਸਪਤਾਲ ਰਿਪੋਰਟ ਪਾਜ਼ੀਟਿਵ ਅਤੇ ਦੂਸਰਾ ਨੈਗੇਟਿਵ ਦੱਸ ਰਿਹਾ ਹੈ। ਹਾਲਾਂਕਿ ਸਿਵਲ ਹਸਪਤਾਲ ਦੇ ਨੋਡਲ ਅਫਸਰ ਡਾ. ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਮਰੀਜ਼ ਦੀ ਰਿਪੋਰਟ ਉਸ ਦੇ ਨਾਂ ਅਤੇ ਉਸ ਨੂੰ ਦਿੱਤੇ ਆਈਡੀ ਨੰਬਰ ਨਾਲ ਪਛਾਣੀ ਜਾਂਦੀ ਹੈ। ਰਿਪੋਰਟ ਦੇਖ ਕੇ ਹੀ ਇਸ ਸਬੰਧੀ ਕੁਝ ਕਿਹਾ ਜਾ ਸਕਦਾ ਹੈ।