The school expelled students : ਖਰੜ ਵਿਚ ਇੰਡਸ ਪਬਲਿਕ ਸਕੂਲ ਬਡਾਲਾ ਵੱਲੋਂ ਉਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਦੇ ਵ੍ਹਾਟਸਐਪ ਗਰੁੱਪਾਂ ਤੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਦੇ ਮਾਪਿਆਂ ਨੇ ਅਜੇ ਤੱਕ ਫੀਸ ਨਹੀਂ ਕਰਵਾਈ ਹੈ, ਜਿਸ ’ਤੇ ਮਾਪਿਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਬਾਰੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਫੀਸ ਜਮ੍ਹਾ ਕਰਵਾਉਣ ਤੋਂ ਮਨ੍ਹਾ ਨਹੀਂ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਆਰਥਿਕ ਸਥਿਤੀ ਫੀਸ ਜਮ੍ਹਾ ਕਰਵਾਉਣ ਦੀ ਨਹੀਂ ਹੈ। ਸਕੂਲ ਦੀ ਧੱਕੇਸ਼ਾਹੀ ਖਿਲਾਫ ਰੋਸ ਵਿਚ ਆਏ ਮਾਪਿਆਂ ਨੇ ਸਕੂਲ ਕੈਂਪਸ ਦੇ ਬਾਹਰ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕੀਤਾ।
ਇਸ ਸਬੰਧੀ ਗੱਲਬਾਤ ਕਰਦਿਆਂ ਕੁਝ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪ੍ਰਾਇਮਰੀ ਕਲਾਸ ਤੋਂ ਹੀ ਇਸ ਸਕੂਲ ਵਿਚ ਪੜ੍ਹ ਰਹੇ ਹਨ ਅਤੇ ਉਹ ਬਿਨਾਂ ਕਿਸੇ ਦੇਰ ਦੇ ਲਗਾਤਾਰ ਸਕੂਲ ਫੀਸ ਦਿੰਦੇ ਆ ਰਹੇ ਹਨ, ਪਰ ਕੋਰੋਨਾ ਮਹਾਮਾਰੀ ਕਾਰਨ ਆਰਥਿਕ ਤੰਗੀ ਦੇ ਚੱਲਦਿਆਂ ਇਸ ਸਾਲ ਫੀਸ ਜਮ੍ਹਾ ਨਹੀਂ ਕਰਵਾ ਸਕੇ ਹਨ। ਸਕੂਲ ਕੈਂਪਸ ਦੇ ਬਾਹਰ ਬੈਠੇ ਪਰਿਵਾਰਕ ਮੈਂਬਰਾਂ ਦੀ ਸਕੂਲ ਪ੍ਰਸ਼ਾਸਨ ਨੇ ਇਕ ਨਾ ਸੁਣੀ, ਜਿਸ ਕਾਰਨ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਇਕ ਲਿਖਤੀ ਸ਼ਿਕਾਇਤ ਖਰੜ ਦੇ ਐਸਡੀਐਮ ਹਿਮਾਂਸ਼ੂ ਜੈਨ ਨੂੰ ਦਿੱਤੀ ਅਤੇ ਸਕੂਲ ਵੱਲੋਂ ਕੱਢੇ ਗਏ ਵਿਦਿਆਰਥੀਆਂ ਨੂੰ ਦੁਬਾਰਾ ਵ੍ਹਾਟਸਐਪ ਗਰੁੱਪਾਂ ਵਿਚ ਐਡ ਕਰਨ ਲਈ ਕਿਹਾ।
ਐਸਡੀਐਮ ਨੇ ਭਰੋਸਾ ਦਿੱਤਾ ਕਿ ਉਹ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਛੇਤੀ ਹੀ ਇਸ ਮਾਮਲੇ ਦਾ ਨਿਪਟਾਰਾ ਕਰਨਗੇ। ਸਕੂਲ ਪ3ਬੰਧਕਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਮਾਪੇ ਨੇ ਫੀਸ ਮਾਫ ਕਰਨ ਜਾਂ ਫਿਰ ਫੀਸ ਵਿਚ ਛੋਟ ਦੇਣ ਸਬੰਧੀ ਕੋਈ ਅਰਜ਼ੀ ਨਹੀਂ ਦਿੱਤੀ ਹੈ। ਵਿਦਿਆਰਥੀਆਂ ਨਾਲ ਇਸ ਬਾਰੇ ਗੱਲ ਕਰਨ ‘ਤੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।