86 new cases : ਸੂਬੇ ਵਿਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਜਿਲ੍ਹੇ ਜਲੰਧਰ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਅੱਜ ਕੋਰੋਨਾ ਦੇ 86 ਪਾਜੀਟਿਵ ਕੇਸ ਸਾਹਮਣੇ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਲੰਧਰ ਵਿਚ ਹੁਣ ਤਕ ਕੋਰੋਨਾ ਨਾਲ 82 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕੋਰੋਨਾ ਪੀੜਤਾਂ ਦੀ ਗਿਣਤੀ 3308 ਤਕ ਪੁੱਜ ਗਈ ਹੈ।
ਬੀਤੇ ਕਲ ਵੀ ਜਲੰਧਰ ਵਿਖੇ 166 ਪਾਜੀਟਿਵ ਕੇਸ ਸਾਹਮਣੇ ਆਏ ਸਨ ਅਤੇ 4 ਲੋਕਾਂ ਦੀ ਜਾਨ ਵੀ ਕੋਰੋਨਾ ਵਾਇਰਸ ਕਾਰਨ ਚਲੀ ਗਈ। ਕੋਰੋਨਾ ਨੇ ਸਿਵਲ ਸਰਜਨ ਆਫਿਸ ਦੇ 3 ਮੁਲਾਜ਼ਮਾਂ ਨੂੰ ਵੀ ਆਪਣੀ ਲਪੇਟ ਵਿਚ ਲੈਲਿਆ। 80 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਸੋਮਵਾਰ ਨੂੰ ਆਈ ਰਿਪੋਰਟ ‘ਚ ਪਿੰਡ ਗੌਲੀਕੇ ‘ਚ 9, ਨਕੋਦਰ ‘ਚ 14, ਦੀਪਕ ਨਗਰ ‘ਚ 4, ਸੰਸਾਰਪੁਰ ‘ਚ 5, ਗੋਲਡਨ ਐਵੇਨਿਊ ‘ਚ 5 ਤੇ ਬਸਤੀ ਸ਼ੇਖ ‘ਚ 5 ਲੋਕਾਂ ਦੇ ਕੋਰੋਨਾ ਪਾਜੀਟਿਵ ਹੋਣ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 156 ਲੋਕਾਂ ਦੇ ਸੈਂਪਲ ਟੈਸਟ ਲਈ ਸਰਕਾਰੀ ਮੈਡੀਕਲ ਕਾਲਜ ਵਿਚ ਭੇਜੇ ਗਏ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ ਕਰੋਨਾ ਦੀ ਮਾਰ ਹੇਠ ਆਏ 95 ਫ਼ੀਸਦੀ ਤੋਂ ਜ਼ਿਆਦਾ ਅਜਿਹੇ ਵਿਅਕਤੀਆਂ ਦੀ ਮੌਤ ਹੋਈ ਹੈ ਜਿਹੜੇ ਪਹਿਲਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਸਨ। ਅਧਿਕਾਰੀਆਂ ਮੁਤਾਬਕ ਪੰਜਾਬ ਵਿੱਚ ਮੌਤ ਦਰ 2.45, ਜੰਮੂ ਕਸ਼ਮੀਰ ’ਚ 1.88, ਚੰਡੀਗੜ੍ਹ ’ਚ 1.68, ਹਰਿਆਣਾ ’ਚ 1.36 ਤੇ ਹਿਮਾਚਲ ਪ੍ਰਦੇਸ਼ ’ਚ 0.42 ਫ਼ੀਸਦੀ ਹੈ। ਸੋਮਵਾਰ ਨੂੰ ਸੂਬੇ ਵਿੱਚ 20 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਤੇ 988 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ 604 ਵਿਅਕਤੀ ਇਸ ਮਹਾਮਾਰੀ ਦੀ ਭੇਟ ਚੜ੍ਹ ਚੁੱਕੇ ਹਨ ਜਦਕਿ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 24,889 ਤੱਕ ਪੁੱਜ ਗਈ ਹੈ।