new zealand to host: ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡੇਵਿਡ ਵ੍ਹਾਈਟ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ, ਆਸਟ੍ਰੇਲੀਆ, ਬੰਗਲਾਦੇਸ਼ ਅਤੇ ਵੈਸਟਇੰਡੀਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਆਉਣ ਵਾਲੀਆਂ ਗਰਮੀਆਂ ਵਿੱਚ ਉਨ੍ਹਾਂ ਦੇ ਦੇਸ਼ ਆਉਣਗੇ। ਵ੍ਹਾਈਟ ਨੇ ਕਿਹਾ ਕਿ ਨਿਊਜ਼ੀਲੈਂਡ ਕ੍ਰਿਕਟ (ਐਨਜੇਡਸੀ) ਇੱਕ ਤਰ੍ਹਾਂ ਦੇ ਬਾਇਓ-ਸੁਰੱਖਿਅਤ ਵਾਤਾਵਰਣ ਨੂੰ ਬਣਾਉਣ ‘ਚ ਲੱਗੀ ਹੋਈ ਹੈ ਜਿਵੇਂ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਮੌਜੂਦਾ ਮੌਸਮ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅੰਤਰਰਾਸ਼ਟਰੀ ਕ੍ਰਿਕਟ ਨੂੰ ਦੁਬਾਰਾ ਸ਼ੁਰੂ ਕਰਨ ਲਈ ਕੀਤਾ ਹੈ। ਡੇਵਿਡ ਵ੍ਹਾਈਟ ਨੇ ਆਪਣੇ ਇੱਕ ਬਿਆਨ ‘ਚ ਕਿਹਾ, “ਅਸੀਂ ਬਹੁਤ ਤਰੱਕੀ ਕਰ ਰਹੇ ਹਾਂ। ਮੈਂ ਹੁਣੇ ਵੈਸਟ ਇੰਡੀਜ਼ ਨਾਲ ਫੋਨ ‘ਤੇ ਗੱਲ ਕੀਤੀ ਹੈ, ਉਹ ਇੱਥੇ ਆਉਣ ਦੀ ਪੁਸ਼ਟੀ ਕਰ ਰਹੇ ਹਨ। ਪਾਕਿਸਤਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਆਸਟ੍ਰੇਲੀਆ ਅਤੇ ਬੰਗਲਾਦੇਸ਼ ਵੀ ਦੌਰੇ ਲਈ ਸਹਿਮਤ ਹੋਏ ਹਨ, ਇਸ ਲਈ ਸਾਡੇ ਕੋਲ ਅੰਤਰਰਾਸ਼ਟਰੀ ਕ੍ਰਿਕਟ ਦੇ 37 ਦਿਨ ਹਨ।”
ਵ੍ਹਾਈਟ ਨੇ ਕਿਹਾ ਕਿ ਮਹਿਲਾ ਟੀਮ ਸਤੰਬਰ ‘ਚ ਆਸਟ੍ਰੇਲੀਆ ਦਾ ਦੌਰਾ ਕਰੇਗੀ, ਜਦਕਿ ਆਸਟ੍ਰੇਲੀਆ ਦੀ ਮਹਿਲਾ ਟੀਮ ਫਰਵਰੀ ‘ਚ ਨਿਊਜ਼ੀਲੈਂਡ ਆਵੇਗੀ। ਉਨ੍ਹਾਂ ਨੇ ਕਿਹਾ, “ਵ੍ਹਾਈਟ ਫਰਨਜ਼ (ਨਿਊਜ਼ੀਲੈਂਡ ਮਹਿਲਾ ਟੀਮ) ਸਤੰਬਰ ‘ਚ ਆਸਟ੍ਰੇਲੀਆ ਦਾ ਦੌਰਾ ਕਰੇਗੀ ਅਤੇ ਫਿਰ ਆਸਟ੍ਰੇਲੀਆ ਮਹਿਲਾ ਟੀਮ ਫਰਵਰੀ ‘ਚ ਨਿਊਜ਼ੀਲੈਂਡ ਦਾ ਦੌਰਾ ਕਰੇਗੀ। ਅਸੀਂ ਇਸ ਵੇਲੇ ਪ੍ਰੋਗਰਾਮ ‘ਤੇ ਕੰਮ ਕਰ ਰਹੇ ਹਾਂ, ਪਰ ਇਹ ਪੰਜ ਵਨਡੇ ਅਤੇ ਤਿੰਨ ਟੀ -20 ਮੈਚਾਂ ਦੀ ਲੜੀ ਹੋਣ ਦੀ ਉਮੀਦ ਹੈ।” ਨਿਊਜ਼ੀਲੈਂਡ ‘ਚ ਕਿਸੇ ਹੋਰ ਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਲਈ ਇਕੱਲੇ ਰਹਿਣਾ ਪਵੇਗਾ। ਫਿਉਚਰ ਟੂਰ ਪ੍ਰੋਗਰਾਮ (ਐਫਟੀਪੀ) ਦੇ ਅਨੁਸਾਰ, ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਅਤੇ ਪਾਕਿਸਤਾਨ ਦੀ ਟੈਸਟ ਅਤੇ ਟੀ 20 ਕੌਮਾਂਤਰੀ ਲੜੀ ਲਈ ਮੇਜ਼ਬਾਨੀ ਕਰਨੀ ਹੈ। ਇਹ ਪੰਜ ਰੋਜ਼ਾ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹਨ। ਵਨਡੇ ਅਤੇ ਟੀ 20 ਕੌਮਾਂਤਰੀ ਲੜੀ ਲਈ ਬੰਗਲਾਦੇਸ਼ ਨੇ ਨਿਊਜ਼ੀਲੈਂਡ ਆਉਣਾ ਹੈ। ਇਸ ਤੋਂ ਬਾਅਦ ਆਸਟ੍ਰੇਲੀਆਈ ਟੀਮ ਟੀ -20 ਸੀਰੀਜ਼ ਲਈ ਇਥੇ ਦੌਰਾ ਕਰੇਗੀ।